ਨਵੀਂ ਦਿੱਲੀ, 8 ਅਗਸਤ
ਈਜ਼ ਮਾਈ ਟ੍ਰਿੱਪ ਡਾਟ ਕੌਮ ਤੋਂ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਭਾਰਤ ਤੋਂ ਹੋ ਕੇ ਜਾਣ ਵਾਲੀਆਂ ਕੌਮਾਂਤਰੀ ਉਡਾਣਾਂ ’ਚ ਇਕਾਨਮੀ ਕਲਾਸ ਦੇ ਮੁੱਲ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਵੱਡੇ ਪੱਧਰ ’ਤੇ ਵਾਧਾ ਦਰਜ ਕੀਤਾ ਗਿਆ ਹੈ। ਯਾਤਰਾ ਨਾਲ ਸਬੰਧਤ ਇਸ ਵੈੱਬਸਾਈਟ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦਿੱਲੀ ਤੋਂ ਨਿਊਯਾਰਕ ਜਾਣ ਵਾਲੀਆਂ ਕੌਮਾਂਤਰੀ ਉਡਾਣਾਂ ਵਿੱਚ ਇਕਾਨਮੀ ਕਲਾਸ ਦੀ ਟਿਕਟ ਦਾ ਮੁੱਲ ਜੁਲਾਈ ਮਹੀਨੇ ਵਿੱਚ 69,034 ਸੀ, ਜੋ ਅਗਸਤ ਮਹੀਨੇ ਵਿੱਚ ਵਧ ਕੇ 87,384 ਰੁਪਏ ਹੋ ਗਿਆ ਹੈ। ਇਸੇ ਤਰ੍ਹਾਂ ਮੁੰਬਈ ਤੋਂ ਮਾਸਕੋ ਜਾਂ ਮੁੰਬਈ ਤੋਂ ਦੋਹਾ ਜਾਣ ਵਾਲੀਆਂ ਉਡਾਣਾਂ ’ਚ ਇਕਾਨਮੀ ਕਲਾਸ ਦੀਆਂ ਟਿਕਟਾਂ ਦੀ ਕੀਮਤ ਜੁਲਾਈ ਵਿੱਚ ਕ੍ਰਮਵਾਰ 43,132 ਅਤੇ 11,719 ਰੁਪਏ ਸੀ। ਜੋ ਤਾਜ਼ਾ ਜਾਰੀ ਹੋਏ ਅੰਕੜਿਆਂ ਅਨੁਸਾਰ ਅਗਸਤ ਮਹੀਨੇ ’ਚ ਵਧ ਕੇ 85,024 ਅਤੇ 18,384 ਹੋ ਗਿਆ ਹੈ। ਵੈੱਬਸਾਈਟ ਦੇ ਸੀਈਓ ਨਿਸ਼ਾਂਤ ਪਿੱਟੀ ਨੇ ਕਿਹਾ ਕਿ ਕੌਮਾਂਤਰੀ ਉਡਾਣਾਂ ਵਿੱਚ ਜੁਲਾਈ ਮਹੀਨੇ ਨਾਲੋਂ ਅਗਸਤ ਮਹੀਨੇ ਵਿੱਚ ਇਕਾਨਮੀ ਕਲਾਸ ਦੀਆਂ ਟਿਕਟਾਂ ਦੇ ਮੁੱਲ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। -ਪੀਟੀਆਈ