ਨਵੀਂ ਦਿੱਲੀ, 14 ਸਤੰਬਰ
ਆਰਐੱਸਐੱਸ ਦੇ ਸੀਨੀਅਰ ਆਗੂ ਜੇ ਨੰਦਾ ਕੁਮਾਰ ਨੇ ਅੱਜ ਕਿਹਾ ਕਿ ਮਾਸ ਖਾਣ ’ਤੇ ਕੋਈ ਰੋਕ ਨਹੀਂ ਹੈ ਅਤੇ ਦੇਸ਼ ਵਿੱਚ ਇਸ ’ਤੇ ਪਾਬੰਦੀ ਲਗਾਈ ਵੀ ਨਹੀਂ ਜਾ ਸਕਦੀ ਪਰ ਗਾਂ ਦਾ ਮਾਸ ਖਾਣ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਰਾਸ਼ਟਰੀ ਸਵੈਮਸੇਵਕ ਸੰਘ ਦੇ ਬੌਧਿਕ ਵਿੰਗ ਪ੍ਰਗਿਆ ਪ੍ਰਵਾਹਾ ਦੇ ਮੁਖੀ ਜੇ ਨੰਦਾ ਕੁਮਾਰ ਨੇ ਹਾਲਾਂਕਿ, ਨਾਲ ਹੀ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੀ ਆਪਣੀ ਨਿੱਜੀ ਰਾਏ ਹੈ, ਸੰਘ ਦੀ ਨਹੀਂ। ਆਰਐੱਸਐੱਸ ਦੇ ਆਗੂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੀ ਸੰਸਥਾ ਅਤੇ ਸੰਘ ਨਾਲ ਸਬੰਧਤ ਹੋਰ ਵੱਖ-ਵੱਖ ਸੰਸਥਾਵਾਂ ਦੇਸ਼ ਦੀ ਵਿਭਿੰਨਤਾ ਦਾ ਜਸ਼ਨ ਮਨਾਉਣ ਲਈ 20 ਸੰਤਬਰ ਤੋਂ ਗੁਹਾਟੀ ਵਿੱਚ ਬੁੱਧੀਜੀਵੀਆਂ ਦਾ ਇਕ ਤਿੰਨ ਦਿਨਾਂ ਸੰਮੇਲਨ ‘ਲੋਕਮੰਥਨ’ ਕਰਨ ਜਾ ਰਹੀਆਂ ਹਨ। ਇਸ ਸਬੰਧ ਵਿੱਚ ਉਨ੍ਹਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਇੱਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸ੍ਰੀ ਕੁਮਾਰ ਕੋਲੋਂ ਸਵਾਲ ਕੀਤਾ ਗਿਆ ਕਿ ਆਲੋਚਕਾਂ ਵੱਲੋਂ ਸੰਘ ਤੇ ਹੋਰ ਭਗਵਾਂ ਜਥੇਬੰਦੀਆਂ ’ਤੇ ਦੇਸ਼ ਦੇ ਲੋਕਾਂ ਉੱਤੇ ਖਾਣ ਵਿੱਚ ਵੀ ਆਪਣੀ ਪਸੰਦ ਥੋਪੇ ਜਾਣ ਦੇ ਦੋਸ਼ ਲਗਾਏ ਜਾਂਦੇ ਹਨ। ਇਸ ਦੇ ਜਵਾਬ ’ਚ ਕੁਮਾਰ ਨੇ ਕਿਹਾ, ‘‘ਮਾਸ ਖਾਣ ’ਤੇ ਰੋਕ ਨਹੀਂ ਹੈ ਅਤੇ ਇਸ ’ਤੇ ਪਾਬੰਦੀ ਲਗਾਈ ਵੀ ਨਹੀਂ ਜਾ ਸਕਦੀ ਪਰ ਵਾਤਾਵਰਨ, ਭੁਗੌਲਿਕ ਹਾਲਾਤ ਮੁਤਾਬਕ ਲੋਕਾਂ ਨੂੰ ਅਜਿਹਾ ਖਾਣਾ ਨਹੀਂ ਖਾਣਾ ਚਾਹੀਦਾ।’’ -ਪੀਟੀਆਈ