ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨਾਲ ਲੱਗਦੇ ਟਕਰਾਅ ਵਾਲੇ ਖੇਤਰਾਂ ’ਚ ਬਕਾਇਆ ਮਸਲਿਆਂ ਦੇ ਨਬਿੇੜੇ ਲਈ ਭਾਰਤ ਤੇ ਚੀਨ ਵੱਲੋਂ 17 ਜੁਲਾਈ ਨੂੰ 16ਵੇਂ ਗੇੜ ਦੀ ਉੱਚ ਪੱਧਰੀ ਫੌਜੀ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਭਾਰਤੀ ਥਲ ਸੈਨਾ ਤੇ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਦਰਮਿਆਨ ਆਖਰੀ ਗੇੜ ਦੀ ਗੱਲਬਾਤ 11 ਮਾਰਚ ਨੂੰ ਹੋਈ ਸੀ। ਸੰਵਾਦ ਦੇ ਇਸ ਸੱਜਰੇ ਗੇੜ ਦੌਰਾਨ ਭਾਰਤ ਵੱਲੋਂ ਟਕਰਾਅ ਵਾਲੇ ਬਾਕੀ ਖੇਤਰਾਂ ’ਚੋਂ (ਜਿੰਨਾ ਛੇਤੀ ਸੰਭਵ ਹੋਵੇ) ਫੌਜਾਂ ਦੀ ਵਾਪਸੀ ਲਈ ਦਬਾਅ ਪਾਉਣ ਦੇ ਨਾਲ ਦੇਪਸਾਂਗ ਤੇ ਡੈਮਚੋਕ ਵਿੱਚ ਬਕਾਇਆ ਮੁੱਦਿਆਂ ਦੇ ਹੱਲ ਲਈ ਜ਼ੋਰ ਪਾਉਣ ਦੀ ਉਮੀਦ ਹੈ। ਸੂਤਰ ਨੇ ਕਿਹਾ, ‘‘ਕੋਰ ਕਮਾਂਡਰ ਪੱਧਰ ਦੀ 16ਵੇਂ ਗੇੜ ਦੀ ਗੱਲਬਾਤ 17 ਜੁਲਾਈ ਨੂੰ ਹੋਣ ਦੇ ਆਸਾਰ ਹਨ।’’ ਦੱਸਣਾ ਬਣਦਾ ਹੈ ਕਿ ਪਿਛਲੇ ਹਫ਼ਤੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਦੀ ਆਪਣੇ ਚੀਨੀ ਹਮਰੁਤਬਾ ਵੈਂਗ ਯੀ ਨਾਲ ਬਾਲੀ ਵਿੱਚ ਹੋਈ ਮੁਲਾਕਾਤ ਮੌਕੇ ਵੀ ਪੂਰਬੀ ਲੱਦਾਖ ਨਾਲ ਜੁੜਿਆ ਮਸਲਾ ਪ੍ਰਮੁੱਖਤਾ ਨਾਲ ਵਿਚਾਰਿਆ ਗਿਆ ਸੀ। ਜੀ-20 ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਕਨਕਲੇਵ ਤੋਂ ਇਕ ਪਾਸੇ ਬਾਲੀ ਵਿੱਚ ਇਕ ਘੰਟੇ ਦੇ ਕਰੀਬ ਚੱਲੀ ਮੀਟਿੰਗ ਦੌਰਾਨ ਜੈਸ਼ੰਕਰ ਨੇ ਵੈਂਗ ਨੂੰ ਪੂਰਬੀ ਲੱਦਾਖ ਵਿੱਚ ਸਾਰੇ ਬਕਾਇਆ ਮੁੱਦਿਆਂ ਨੂੰ ਜਲਦੀ ਹੱਲ ਕਰਨ ਦਾ ਸੁਨੇਹਾ ਦਿੱਤਾ ਸੀ। ਜੈਸ਼ੰਕਰ ਨੇ ਇਹ ਗੱਲ ਵੀ ਆਖੀ ਸੀ ਕਿ ਦੋਵਾਂ ਮੁਲਕਾਂ ਦਰਮਿਆਨ ਰਿਸ਼ਤੇ ਪ੍ਰਸਪਰ ਸਤਿਕਾਰ, ਪ੍ਰਸਪਰ ਸੰਵੇਦਨਸ਼ੀਲਤਾ ਤੇ ਪ੍ਰਸਪਰ ਹਿੱਤਾਂ ’ਤੇ ਅਧਾਰਿਤ ਹੋਣੇ ਚਾਹੀਦੇ ਹਨ। -ਪੀਟੀਆਈ