ਨਵੀਂ ਦਿੱਲੀ, 23 ਜੂਨ
ਪੂਰਬੀ ਲੱਦਾਖ ਸਬੰਧੀ ਭਾਰਤ ਤੇ ਚੀਨ ਵਿਚਾਲੇ ਕੂਟਨੀਤਕ ਗੱਲਬਾਤ ਦਾ ਅਗਲਾ ਗੇੜ ਇਸੇ ਹਫ਼ਤੇ ਹੋ ਸਕਦਾ ਹੈ। ਇਸ ਦੌਰਾਨ ਬਾਕੀ ਰਹਿੰਦੇ ਟਕਰਾਅ ਵਾਲੇ ਖੇਤਰਾਂ ’ਚੋਂ ਵੀ ਫ਼ੌਜਾਂ ਨੂੰ ਪਿੱਛੇ ਹਟਾਉਣ ’ਤੇ ਜ਼ੋਰ ਦਿੱਤਾ ਜਾਵੇਗਾ। ਇਹ ਜਾਣਕਾਰੀ ਮਾਮਲੇ ਦੇ ਜਾਣਕਾਰ ਸੂਤਰਾਂ ਨੇ ਦਿੱਤੀ।
ਸੂਤਰਾਂ ਨੇ ਦੱਸਿਆ ਕਿ ਇਹ ਗੱਲਬਾਤ ਭਾਰਤ-ਚੀਨ ਸਰਹੱਦ ਸਬੰਧੀ ਮਾਮਲੇ ’ਤੇ ‘ਸਲਾਹ ਤੇ ਤਾਲਮੇਲ ਲਈ ਕੰਮ ਕਰਨ ਦੀ ਪ੍ਰਕਿਰਿਆ’ (ਡਬਲਿਊਐੱਮਸੀਸੀ) ਅਧੀਨ ਪੂਰਬੀ ਲੱਦਾਖ ਵਿਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਤਣਾਅ ਘਟਾਉਣ ’ਤੇ ਕੇਂਦਰਿਤ ਰਹਿਣ ਦੀ ਆਸ ਹੈ। ਇਹ ਗੱਲਬਾਤ 24 ਜੂਨ ਨੂੰ ਹੋ ਸਕਦੀ ਹੈ। ਇਸ ਤੋਂ ਪਹਿਲਾਂ ਡਬਲਿਊਐੱਮਸੀਸੀ ਗੱਲਬਾਤ ਦਾ ਪਿਛਲਾ ਗੇੜ 12 ਮਾਰਚ ਨੂੰ ਹੋਇਆ ਸੀ। ਇਹ ਵੀ ਪਤਾ ਲੱਗਿਆ ਹੈ ਕਿ ਕੋਰ ਕਮਾਂਡਰ ਪੱਧਰੀ ਗੱਲਬਾਤ ਦਾ ਅਗਲਾ ਗੇੜ ਕੂਟਨੀਤਕ ਗੱਲਬਾਤ ਤੋਂ ਬਾਅਦ ਹੋਵੇਗਾ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਵਿਚ ਵੱਖ-ਵੱਖ ਖੇਤਰਾਂ ’ਚ ਪਿਛਲੇ ਸਾਲ ਮਈ ਮਹੀਨੇ ਤੋਂ ਭਾਰਤ ਤੇ ਚੀਨ ਵਿਚਾਲੇ ਤਣਾਅ ਚੱਲ ਰਿਹਾ ਹੈ। ਹਾਲਾਂਕਿ, ਦੋਹਾਂ ਦੇਸ਼ਾਂ ਵਿਚਾਲੇ ਹੋਈ ਕੂਟਨੀਤਕ ਤੇ ਫ਼ੌਜੀ ਪੱਧਰ ਦੀ ਗੱਲਬਾਤ ਤੋਂ ਬਾਅਦ ਫਰਵਰੀ ਵਿਚ ਦੋ ਪਾਸਿਓਂ ਸੈਨਿਕ ਅਤੇ ਪੈਂਗੌਂਗ ਝੀਲ ਦੇ ਉੱਤਰੀ ਤੇ ਦੱਖਣੀ ਕੰਢਿਆਂ ਤੋਂ ਹਥਿਆਰ ਹਟਾ ਲਏ ਗਏ ਹਨ। ਦੋਹਾਂ ਦੇਸ਼ਾਂ ਵਿਚਾਲੇ ਬਾਕੀ ਰਹਿੰਦੇ ਟਕਰਾਅ ਵਾਲੇ ਖੇਤਰਾਂ ’ਚੋਂ ਫ਼ੌਜਾਂ ਹਟਾਉਣ ਸਬੰਧੀ ਗੱਲਬਾਤ ਚੱਲ ਰਹੀ ਹੈ। ਭਾਰਤ ਵੱਲੋਂ ਖ਼ਾਸ ਕਰ ਕੇ ਹੌਟ ਸਪਰਿੰਗ, ਗੋਗਰਾ ਆਦਿ ਖੇਤਰਾਂ ਵਿਚੋਂ ਫ਼ੌਜਾਂ ਹਟਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਫ਼ੌਜੀ ਅਧਿਕਾਰੀਆਂ ਅਨੁਸਾਰ ਸੰਵੇਦਨਸ਼ੀਲ ਖੇਤਰ ਵਿਚ ਕੰਟਰੋਲ ਰੇਖਾ ਦੇ ਨਾਲ ਦੋਵੇਂ ਪਾਸੇ ਤਕਰੀਬਨ 50,000-50,000 ਸੈਨਿਕ ਹਨ। ਟਕਰਾਅ ਵਾਲੇ ਬਾਕੀ ਖੇਤਰਾਂ ਵਿਚੋਂ ਸੈਨਿਕਾਂ ਨੂੰ ਹਟਾਉਣ ਸਬੰਧੀ ਕਾਰਵਾਈ ਅੱਗੇ ਵਧਣ ਦੀ ਆਸ ਘੱਟ ਹੀ ਹੈ ਕਿਉਂਕਿ ਫ਼ੌਜੀ ਪੱਧਰੀ ਗੱਲਬਾਤ ਦੇ 11ਵੇਂ ਗੇੜ ਵਿਚ ਚੀਨ ਵਾਲੇ ਪਾਸਿਓਂ ਕਈ ਖ਼ਾਸ ਨਰਮੀ ਨਹੀਂ ਦਿਖਾਈ ਗਈ ਸੀ। -ਪੀਟੀਆਈ