ਆਈਜੋਲ, 22 ਜੂਨ
ਮਿਜ਼ੋਰਮ ਵਿੱਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਭੂਚਾਲ ਦੀ ਗਤੀ 5.3 ਸੀ। ਭੂਚਾਲ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪੁੱਜਿਆ ਅਤੇ ਕਈ ਥਾਈਂ ਸੜਕਾਂ ਟੁੱਟ ਗਈਆਂ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਭੂ ਵਿਗਿਆਨ ਅਤੇ ਖਣਿਜ ਵਸੀਲੇ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਕਾਰਨ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਅਨੁਸਾਰ ਸਵੇਰੇ 4.10 ’ਤੇ ਆਏ ਭੂਚਾਲ ਦਾ ਕੇਂਦਰ ਭਾਰਤ -ਮਿਆਂਮਾਰ ਸਰਹੱਦ ’ਤੇ ਚੰਫਾਈ ਜ਼ਿਲ੍ਹੇ ਦੇ ਜੋਖਾਵਥਾਰ ਵਿੱਚ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਜੋਰਾਮਥਾਂਗਾ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਮਿਜ਼ੋਰਮ ਵਿੱਚ ਭੂਚਾਲ ਆਉਣ ਦੇ ਮੱਦੇਨਜ਼ਰ ਉਥੋਂ ਦੇ ਮੁੱਖ ਮੰਤਰੀ ਸ੍ਰੀ ਜੋਰਾਮਥਾਂਗਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ’’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮੁੱਖ ਮੰਤਰੀ ਨਾਲ ਗੱਲ ਕੀਤੀ ਤੇ ਸਥਿਤੀ ਦੀ ਜਾਣਕਾਰੀ ਲਈ।