ਨਵੀਂ ਦਿੱਲੀ: ਦੱਖਣ-ਪੱਛਮੀ ਮੌਨਸੂਨ ਦੇ ਅਗਲੇ ਦੋ-ਤਿੰਨ ਦਿਨਾਂ ਅੰਦਰ ਕੇਰਲਾ ਪੁੱਜਣ ਦੀ ਉਮੀਦ ਹੈ। ਭਾਰਤ ਦੇ ਖੇਤੀ ਆਧਾਰਿਤ ਅਰਥਚਾਰੇ ਲਈ ਮੌਨਸੂਨ ਨੂੰ ਜੀਵਨ ਰੇਖਾ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ 27 ਮਈ ਨੂੰ ਮੌਨਸੂਨ ਦੇ ਕੇਰਲਾ ਪੁੱਜਣ ਦੀ ਪੇਸ਼ੀਨਗੋਈ ਕੀਤੀ ਸੀ। ਮੌਸਮ ਵਿਭਾਗ ਦੇ ਸੱਜਰੇ ਸੰਕੇਤਾਂ ਮੁਤਾਬਕ ਪੱਛਮੀ ਹਵਾਵਾਂ ਨੇ ਦੱਖਣੀ ਅਰਬ ਸਾਗਰ ਵਿੱਚ ਹੇਠਲੇ ਪੱਧਰ ਨੂੰ ਮਜ਼ਬੂਤ ਤੇ ਹੋਰ ਡੂੰਘਾ ਕੀਤਾ ਹੈ। ਉਪਗ੍ਰਹਿ ਦੀਆਂ ਤਸਵੀਰਾਂ ਮੁਤਾਬਕ ਕੇਰਲਾ ਦੇ ਸਾਹਿਲ ਅਤੇ ਨਾਲ ਲੱਗਦੇ ਦੱਖਣ-ਪੂਰਬੀ ਅਰਬ ਸਾਗਰ ਉੱਤੇ ਬੱਦਲਵਾਈ ਵਧ ਗਈ ਹੈ। ਲਿਹਾਜ਼ਾ ਅਗਲੇ ਦੋ ਤਿੰਨ ਦਿਨਾਂ ਵਿੱਚ ਕੇਰਲਾ ਵਿੱਚ ਮੌਨਸੂਨ ਦੀ ਆਮਦ ਲਈ ਹਾਲਾਤ ਸਾਜ਼ਗਾਰ ਹਨ। -ਪੀਟੀਆਈ