ਪੁਣੇ, 13 ਅਗਸਤ
ਸਨਅਤਕਾਰਾਂ ਨੂੰ 50 ਸਾਲ ਪਹਿਲਾਂ ਮਨਜ਼ੂਰੀਆਂ ਲੈਣ ’ਚ ਆਉਂਦੀਆਂ ਮੁਸ਼ਕਲਾਂ ਅਤੇ ਨੌਕਰਸ਼ਾਹਾਂ ਦੀਆਂ ਧੱਕੇਸ਼ਾਹੀਆਂ ਨੂੰ ਚੇਤੇ ਕਰਦਿਆਂ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਚੇਅਰਮੈਨ ਡਾਕਟਰ ਸਾਇਰਸ ਪੂਨਾਵਾਲਾ ਨੇ ਅੱਜ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਕੂਮਤ ’ਚ ਲਾਲਫੀਤਾਸ਼ਾਹੀ ਅਤੇ ਲਾਇਸੈਂਸ ਰਾਜ ’ਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮਨਜ਼ੂਰੀਆਂ ਲੈਣ ਲਈ ਡਰੱਗ ਕੰਟਰੋਲਰਾਂ ਅਤੇ ਨੌਕਰਸ਼ਾਹਾਂ ਦੇ ‘ਪੈਰਾਂ ’ਚ ਡਿੱਗਣਾ’ ਪੈਂਦਾ ਸੀ ਪਰ ਹੁਣ ਹਾਲਾਤ ਬਦਲ ਗਏ ਹਨ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਇੰਸਟੀਚਿਊਟ ਨੇ ਕੋਵਿਡ-19 ਵੈਕਸੀਨ ਕੋਵੀਸ਼ੀਲਡ ਨੂੰ ਫੌਰੀ ਲਾਂਚ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ‘ਮਸਕੇ’ ਲਾਉਣ ਦੀ ਲੋੜ ਨਹੀਂ ਪੈਂਦੀ ਹੈ। ਲੋਕਮਾਨਿਆ ਤਿਲਕ ਟਰੱਸਟ ਵੱਲੋਂ ਪੂਨਾਵਾਲਾ ਨੂੰ ਇਥੇ ਲੋਕਮਾਨਿਆ ਤਿਲਕ ਕੌਮੀ ਪੁਰਸਕਾਰ ਨਾਲ ਸਨਮਾਨਿਆ ਗਿਆ। ਆਪਣੇ ਸੰਬੋਧਨ ’ਚ ਪੂਨਾਵਾਲਾ ਨੇ ਕਿਹਾ,‘‘ਸੀਰਮ ਇੰਸਟੀਚਿਊਟ 1966 ’ਚ ਮੇਰੇ ਵਿਲੂ ਨਾਲ ਵਿਆਹ ਦੀ ਅਗਲੀ ਸਵੇਰ ਖੋਲ੍ਹਿਆ ਗਿਆ ਸੀ ਅਤੇ ਇਹ ਪੁਰਸਕਾਰ ਮੈਂ ਆਪਣੀ ਪਤਨੀ ਨੂੰ ਸਮਰਪਿਤ ਕਰਦਾ ਹਾਂ। ਪੰਜਾਹ ਸਾਲ ਪਹਿਲਾਂ ਸਨਅਤ ਨੂੰ ਬਿਜਲੀ, ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਮਨਜ਼ੂਰੀ ਨੌਕਰਸ਼ਾਹਾਂ ਤੋਂ ਲੈਣ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।’’ ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਅਜਿਹੇ ਕਦਮ ਚੁੱਕੇ ਹਨ ਕਿ ਸਨਅਤਕਾਰਾਂ ਨੂੰ ਮਨਜ਼ੂਰੀਆਂ ਲੈਣ ’ਚ ਕੋਈ ਦਿੱਕਤ ਨਹੀਂ ਆਉਂਦੀ ਹੈ। ਪੁਰਸਕਾਰ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ ਭਾਵੇਂ ਉਨ੍ਹਾਂ ਨੂੰ ਅਮਰੀਕਾ, ਯੂਕੇ ਅਤੇ ਹੋਰ ਕਈ ਮੁਲਕਾਂ ’ਚ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਸ਼ਿੰਦੇ ਨੇ ਪੂਨਾਵਾਲਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੀਰਮ ਇੰਸਟੀਚਿਊਟ ਦੀ ਵੈਕਸੀਨ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾ ਰਹੀ ਹੈ। -ਪੀਟੀਆਈ
ਵੱਖ-ਵੱਖ ਵੈਕਸੀਨ ਡੋਜ਼ ਲੈਣ ਦੇ ਪੱਖ ’ਚ ਨਹੀਂ ਪੂਨਾਵਾਲਾ
ਪੁਣੇ: ਸੀਰਮ ਇੰਸਟੀਚਿਊਟ ਦੇ ਚੇਅਰਮੈਨ ਡਾ. ਸਾਇਰਸ ਪੂਨਾਵਾਲਾ ਨੇ ਅੱਜ ਕਿਹਾ ਕਿ ਉਹ ਬਿਹਤਰ ਅਸਰਾਂ ਲਈ ਦੋ ਵੱਖ-ਵੱਖ ਕਰੋਨਾਵਾਇਰਸ ਵੈਕਸੀਨ ਡੋਜ਼ ਲੈਣ ਦੇ ਪੱਖ ਵਿਚ ਨਹੀਂ ਹਨ। ਅੱਜ ਇੱਥੇ ਇਕ ਸਨਮਾਨ ਹਾਸਲ ਕਰਨ ਤੋਂ ਬਾਅਦ ਪੂਨਾਵਾਲਾ ਨੇ ਕਿਹਾ ‘ਮੈਂ ਦੋ ਵੱਖ-ਵੱਖ ਵੈਕਸੀਨ ਡੋਜ਼ ਲੈਣ ਦੇ ਵਿਰੁੱਧ ਹਾਂ। ਦੋ ਵੈਕਸੀਨਾਂ ਨੂੰ ਮਿਕਸ ਕਰਨ ਦੀ ਕੋਈ ਲੋੜ ਨਹੀਂ ਹੈ।’ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਆਈਸੀਐਮਆਰ ਦੇ ਇਕ ਅਧਿਐਨ ਬਾਰੇ ਪੁੱਛਿਆ ਗਿਆ ਸੀ ਕਿ ਜਿਸ ਵਿਚ ਕਿਹਾ ਗਿਆ ਹੈ ਕਿ ਕੋਵੀਸ਼ੀਲਡ ਤੇ ਕੋਵੈਕਸੀਨ ਦਾ ‘ਕਾਕਟੇਲ’ ਜੇ ਦੇ ਦਿੱਤਾ ਜਾਵੇ ਤਾਂ ਇਸ ਨਾਲ ਸਰੀਰ ਦੀ ਰੋਗਾਂ ਵਿਰੁੱਧ ਸਮਰੱਥਾ ਵਧੇਗੀ। ਪੂਨਾਵਾਲਾ ਨੇ ਕਿਹਾ ਕਿ ਜੇ ਦੋ ਵੱਖ-ਵੱਖ ਵੈਕਸੀਨ ਡੋਜ਼ ਦੇਣ ’ਤੇ ਨਤੀਜਾ ਸਹੀ ਨਹੀਂ ਨਿਕਲਿਆ ਤਾਂ ਕੰਪਨੀਆਂ ਇਕ-ਦੂਜੇ ਦਾ ਵੈਕਸੀਨ ਸਹੀ ਨਾ ਹੋਣ ਦਾ ਇਲਜ਼ਾਮ ਲਾਉਣਗੀਆਂ।