ਜੈਪੁਰ, 2 ਅਪਰੈਲ
ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਦਾਅਵਾ ਕੀਤਾ ਕਿ ਵੰਸ਼ਵਾਦੀ ਸਿਆਸੀ ਪਾਰਟੀਆਂ ਭਾਰਤ ਵਿੱਚ ਜਮਹੂਰੀਅਤ ਲਈ ‘ਖ਼ਤਰਾ’ ਹਨ ਅਤੇ ਜ਼ੋਰ ਦੇ ਕੇ ਆਖਿਆ ਕਿ ਸਿਰਫ ਉਨ੍ਹਾਂ ਦੀ ਪਾਰਟੀ ਹੀ ਵਿਚਾਰਧਾਰਾ ’ਤੇ ਅਧਾਰਿਤ ਹੈ। ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਵਿੱਚ ਸ਼ਡਿਊਲ ਟਰਾਈਬਲ ਸੰਮੇਲਨ (ਅਨੁਸੂਚਿਤ ਜਾਤੀਆਂ ਸੰਮੇਲਨ) ਦੌਰਾਨ ‘ਆਈਐੱਨਐੱਸ’ (ਇੰਡੀਅਨ ਨੈਸ਼ਨਲ ਕਾਂਗਰਸ) ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਵਿੱਚ ‘ਇੰਡੀਅਨ’, ‘ਨੈਸ਼ਨਲ’ ਜਾਂ ‘ਕਾਂਗਰਸ’ ਕੁਝ ਵੀ ਨਹੀਂ ਹੈ। ਨੱਢਾ ਨੇ ਕਿਹਾ, ‘‘ਇਹ ਹੁਣ ਇੱਕ ਪਰਿਵਾਰ ਅਤੇ ਇੱਕ ਭੈਣ-ਭਰਾ ਦੀ ਪਾਰਟੀ ਬਣ ਚੁੱਕੀ ਹੈ।’’ ਇਸ ਸਮਾਗਮ, ਜਿਸ ਦਾ ਮਨੋਰਥ ਭਾਜਪਾ ਵੱਲੋਂ ਪੂਰਬੀ ਰਾਜਸਥਾਨ ਵਿੱਚ ਆਪਣਾ ਆਧਾਰ ਮਜ਼ਬੂਤ ਕਰਨਾ ਹੈ, ਵਿੱਚ ਨੱਢਾ ਨੇ ਕਿਹਾ ਕਿ ਭਾਜਪਾ ਭਾਰਤ ਵਿੱਚ ਇਕਲੌਤੀ ਪਾਰਟੀ ਹੈ, ਜਿਹੜੀ ਵਿਚਾਰਧਾਰਾ ’ਤੇ ਅਧਾਰਿਤ ਹੈ। ਪੰਜਾਬ ਵਿੱਚ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਭਾਜਪਾ ਪ੍ਰਧਾਨ ਨੇ ਕਿਹਾ ਕਿ ‘ਆਪ’ ਇਹ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉੱਤਰ ਪ੍ਰਦੇਸ਼, ਗੋਆ ਅਤੇ ਉੱਤਰਾਖੰਡ ਵਿਧਾਨ ਸਭਾ ਚੋਣਾਂ ਵਿੱਚ ਉਸ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ ਹਨ। ਉਨ੍ਹਾਂ ਨੇ ਕਾਂਗਰਸ ’ਤੇ ਕਥਿਤ ‘ਕਬੀਲਾ ਵਿਰੋਧੀ ਅਤੇ ਦਲਿਤ ਵਿਰੋਧੀ’ ਹੋਣ ਦਾ ਦੋਸ਼ ਲਾਉਂਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਬੀਲਿਆਂ ਅਤੇ ਦਲਿਤਾਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ। -ਪੀਟੀਆਈ