ਝਾਂਸੀ, 7 ਅਕਤੂਬਰ
ਉੱਤਰ ਪ੍ਰਦੇਸ਼ ਦੀ ਬਬੀਨਾ ਫੀਲਡ ਫਾਇਰਿੰਗ ਰੇਂਜ ’ਚ ਅਭਿਆਸ ਦੌਰਾਨ ਟੀ-90 ਟੈਂਕ ਦੀ ਬੈਰਲ ਫਟਣ ਕਾਰਨ ਇਕ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਸਮੇਤ ਦੋ ਜਵਾਨਾਂ ਦੀ ਮੌਤ ਹੋ ਗਈ। ਘਟਨਾ ’ਚ ਇਕ ਹੋਰ ਜਵਾਨ ਜ਼ਖ਼ਮੀ ਹੋਇਆ ਹੈ।
ਥਲ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਤਹਿਕੀਕਾਤ ਲਈ ਕੋਰਟ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ। ਜਿਵੇਂ ਹੀ ਟੈਂਕ ਦੀ ਬੈਰਲ ਫਟੀ ਤਾਂ ਜ਼ਖ਼ਮੀ ਹੋਏ ਜਵਾਨਾਂ ਨੂੰ ਤੁਰੰਤ ਬਬੀਨਾ ਦੇ ਮਿਲਟਰੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਕਮਾਂਡਰ ਅਤੇ ਗੰਨਰ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਏ, ਜਦਕਿ ਘਟਨਾ ਦੌਰਾਨ ਜ਼ਖ਼ਮੀ ਹੋਏ ਡਰਾਈਵਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਮ੍ਰਿਤਕ ਜਵਾਨਾਂ ਦੀ ਪਛਾਣ ਨਾਇਬ ਰਿਸਾਲਦਾਰ ਸੁਮੇਰ ਸਿੰਘ ਬਾਗੜੀਆ ਅਤੇ ਸੋਵਾਰ ਸੁਕਾਂਤ ਮੰਡਲ ਵਜੋਂ ਹੋਈ ਹੈ। ਫ਼ੌਜ ਦੇ ਉੱਚ ਅਧਿਕਾਰੀਆਂ ਨੇ ਹਾਦਸੇ ਦੌਰਾਨ ਜਾਨਾਂ ਗੁਆਉਣ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਜਤਾਇਆ ਹੈ। -ਏਐੱਨਆਈ
ਅਚਾਨਕ ਗੋਲੀ ਚੱਲਣ ਕਾਰਨ ਜਵਾਨ ਦੀ ਮੌਤ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਸਰਵਿਸ ਰਾਈਫਲ ’ਚੋਂ ਅਚਾਨਕ ਗੋਲੀ ਚੱਲ ਜਾਣ ਕਾਰਨ ਜਵਾਨ ਚੰਦਰ ਮੋਹਨ (28) ਦੀ ਮੌਤ ਹੋ ਗਈ। ਇਹ ਹਾਦਸਾ ਵੀਰਵਾਰ ਦੇਰ ਸ਼ਾਮ ਸੋਪੋਰ ਇਲਾਕੇ ’ਚ ਛਤੂਸਾ ਕੈਂਪ ਦੇ ਬਾਹਰ ਵਾਪਰਿਆ ਸੀ। -ਪੀਟੀਆਈ