ਨਵੀਂ ਦਿੱਲੀ, 17 ਸਤੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਵੈਂਗ ਯੀ ਨੂੰ ਕਿਹਾ ਕਿ ਦੋਵਾਂ ਧਿਰਾਂ ਨੂੰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਨਾਲ ਜੁੜੇ ਮਸਲਿਆਂ ਦੇ ਛੇਤੀ ਨਬਿੇੜੇ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਨੂੰ ਭਾਰਤ ਨਾਲ ਆਪਣੇ ਸਬੰਧਾਂ ਨੂੰ ਕਿਸੇ ਤੀਜੇ ਦੇਸ਼ ਦੇ ਨਜ਼ਰੀਏ ਤੋਂ ਨਹੀਂ ਵੇਖਣਾ ਚਾਹੀਦਾ। ਦੁਸ਼ਾਂਬੇ(ਤਾਜ਼ਿਕਸਤਾਨ) ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖਰ ਸੰਮੇਲਨ ਦੌਰਾਨ ਹੋਈ ਮੀਟਿੰਗ ਵਿੱਚ ਦੋਵਾਂ ਵਿਦੇਸ਼ ਮੰਤਰੀਆਂ ਨੇ ਖੇਤਰ ਦੀ ਮੌਜੂਦਾ ਸਥਿਤੀ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਇਸ ਗੱਲ ‘ਤੇ ਸਹਿਮਤ ਹੋਏ ਕਿ ਦੋਵਾਂ ਧਿਰਾਂ ਦੇ ਫੌਜੀ ਅਤੇ ਕੂਟਨੀਤਕ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਮਿਲਣਾ ਚਾਹੀਦਾ ਹੈ ਤੇ ਲਟਕੇ ਮਸਲਿਆਂ ਦੇ ਹੱਲ ਬਾਰੇ ਚਰਚਾ ਕਰਨੀ ਚਾਹੀਦੀ ਹੈ।