ਦੁਮਕਾ: ਝਾਰਖੰਡ ਦੇ ਦੁਮਕਾ ਵਿਚ ਇਕਤਰਫ਼ਾ ਪ੍ਰੇਮ ’ਚ ਅਸਫ਼ਲ ਰਹਿਣ ’ਤੇ ਲੜਕੇ ਵੱਲੋਂ ਅੱਗ ਲਾ ਕੇ ਸਾੜੀ ਗਈ ਅੰਕਿਤਾ ਸਿੰਘ (17) ਦੀ ਐਤਵਾਰ ਮੌਤ ਹੋਣ ਤੋਂ ਬਾਅਦ ਅੱਜ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਨੂੰ 23 ਅਗਸਤ ਨੂੰ ਮੁਲਜ਼ਮ ਸ਼ਾਹਰੁਖ਼ ਨੇ ਤੇਲ ਪਾ ਕੇ ਅੱਗ ਲਾ ਦਿੱਤੀ ਸੀ। ਉਸ ਨੂੰ 23 ਅਗਸਤ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਘਟਨਾ ਖ਼ਿਲਾਫ਼ ਲੋਕਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਨੇ ਧਾਰਾ 144 ਲਾਗੂ ਕਰ ਦਿੱਤੀ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਹੈ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣੀ ਯਕੀਨੀ ਬਣਾਈ ਜਾਵੇਗੀ। ਪੁਲੀਸ ਨੇ ਇਸ ਮਾਮਲੇ ਵਿਚ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਝਾਰਖੰਡ ਸਰਕਾਰ ਨੇ ਲੜਕੀ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਹਨ। ਕੌਮੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਵਿਚ ਪੁਲੀਸ ਤੋਂ ਸੱਤ ਦਿਨਾਂ ਵਿਚ ਰਿਪੋਰਟ ਮੰਗੀ ਹੈ। ਵਿਰੋਧੀ ਧਿਰਾਂ ਨੇ ਇਸ ਮਾਮਲੇ ’ਤੇ ਸੋਰੇਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। -ਪੀਟੀਆਈ