ਰਾਂਚੀ, 30 ਅਗਸਤ
ਮੁੱਖ ਅੰਸ਼
- ਬਾਲ ਭਲਾਈ ਕਮੇਟੀ ਨੇ ਮੁਲਜ਼ਮਾਂ ਖਿਲਾਫ਼ ਪੋਕਸੋ ਐਕਟ ਤਹਿਤ ਕਾਰਵਾਈ ਮੰਗੀ
ਝਾਰਖੰਡ ਹਾਈ ਕੋਰਟ ਨੇ ਦੁਮਕਾ ਵਿੱਚ ਇਕਤਰਫ਼ਾ ਪ੍ਰੇਮ ਮਾਮਲੇ ਵਿੱਚ ਸਕੂਲ ਵਿਦਿਆਰਥਣ ਨੂੰ ਅੱਗ ਲਾ ਕੇ ਸਾੜਨ ਦੇ ਮਾਮਲੇ ਦਾ ਆਪੂੰ ਨੋਟਿਸ ਲੈਂਦੇ ਹੋਏ ਸੂਬੇ ਦੇ ਪੁਲੀਸ ਮੁਖੀ ਤੋਂ ਰਿਪੋਰਟ ਮੰਗ ਲਈ ਹੈ। ਬੈਂਚ ਵੱਲੋਂ ਭੇਜੇ ਸੰਮਨਾਂ ਕਰਕੇ ਡੀਜੀਪੀ ਨੀਰਜ ਸਿਨਹਾ ਕੋਰਟ ਵਿਚ ਹੀ ਮੌਜੂਦ ਸਨ। ਚੀਫ਼ ਜਸਟਿਸ ਡਾ. ਰਵੀ ਰੰਜਨ ਤੇ ਜਸਟਿਸ ਸੁਜੀਤ ਨਰਾਇਣ ਦੀ ਸ਼ਮੂਲੀਅਤ ਵਾਲੇ ਡਿਵੀਜ਼ਨ ਬੈਂਚ ਨੇ ਡੀਜੀਪੀ ਤੋਂ ਕੇਸ ਵਿੱਚ ਹੁਣ ਤੱਕ ਕੀਤੀ ਕਾਰਵਾਈ ਸਬੰਧੀ ਰਿਪੋਰਟ ਤਲਬ ਕੀਤੀ ਹੈ। ਬੈਂਚ ਨੇ ਪੁਲੀਸ ਮੁਖੀ ਨੂੰ ਸਵਾਲ ਕੀਤਾ ਕਿ ਪੀੜਤ ਵਿਦਿਆਰਥਣ ਨੂੰ ਦੁਮਕਾ ਨੇੜੇ ਪੈਂਦੇ ਏਮਸ ਦੇਵਗੜ੍ਹ ਦੀ ਥਾਂ ਰਾਂਚੀ ਸਥਿਤ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਕਿਉਂ ਰੈਫ਼ਰ ਕੀਤਾ ਗਿਆ। ਉਧਰ ਦੁਮਕਾ ਜ਼ਿਲ੍ਹੇ ਦੀ ਬਾਲ ਭਲਾਈ ਕਮੇਟੀ (ਸੀਡਬਲਿਊਸੀ) ਨੇ ਪੀੜਤ ਲੜਕੀ ਦੇ ਨਾਬਾਲਗ ਹੋਣ ਦਾ ਦਾਅਵਾ ਕਰਦਿਆਂ ਮੁਲਜ਼ਮਾਂ ਖਿਲਾਫ਼ ਪੋਕਸੋ ਐਕਟ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ।
ਕਾਬਿਲੇਗੌਰ ਹੈ ਕਿ ਇਕਤਰਫ਼ਾ ਪ੍ਰੇਮ ਵਿੱਚ ਅਸਫ਼ਲ ਨੌਜਵਾਨ ਨੇ 23 ਅਗਸਤ ਨੂੰ ਦੁਮਕਾ ਕਸਬੇ ਵਿੱਚ ਸਕੂਲ ਵਿਦਿਆਰਥਣ ’ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ ਸੀ। ਪੀੜਤਾ ਆਪਣੇ ਕਮਰੇ ਵਿੱਚ ਸੁੱਤੀ ਪਈ ਸੀ, ਜਦੋਂ ਮੁਲਜ਼ਮ ਨੇ ਖਿੜਕੀ ’ਚੋਂ ਪੈਟਰੋਲ ਸੁੱਟ ਕੇ ਉਸ ਨੂੰ ਅੱਗ ਲਾ ਦਿੱਤੀ। ਪੀੜਤਾ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਐਤਵਾਰ ਨੂੰ ਦਮ ਤੋੜ ਗਈ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸਣੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੁਮਕਾ ਦੀ ਬਾਲ ਵਿਕਾਸ ਕਮੇਟੀ ਨੇ ਲੰਘੇ ਦਿਨ 12ਵੀਂ ਜਮਾਤ ਵਿਚ ਪੜ੍ਹਦੀ ਵਿਦਿਆਰਥਣ ਦੇ ਨਾਬਾਲਗ ਹੋਣ ਦਾ ਦਾਅਵਾ ਕਰਦਿਆਂ ਮੁਲਜ਼ਮ ਖਿਲਾਫ਼ ਪੋਕਸੋ ਐਕਟ ਤਹਿਤ ਕਾਰਵਾਈ ਦੀ ਮੰਗ ਕੀਤੀ ਸੀ। ਕਮੇਟੀ ਨੇ ਕਿਹਾ ਸੀ ਕਿ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੀ ਮਾਰਕ ਸ਼ੀਟ ਮੁਤਾਬਕ ਪੀੜਤਾ ਦੀ ਉਮਰ 16 ਸਾਲ ਹੈ।
ਉਧਰ ਪੁਲੀਸ ਨੇ ਪੀੜਤਾ ਦੇ ਬਾਲਗ ਹੋਣ ਦਾ ਦਾਅਵਾ ਕੀਤਾ ਸੀ। ਕੌਮੀ ਮਹਿਲਾ ਕਮਿਸ਼ਨ ਨੇ ਵੀ ਝਾਰਖੰਡ ਪੁਲੀਸ ਮੁਖੀ ਨੂੰ ਲਿਖੇ ਪੱਤਰ ’ਚ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ। ਮੁੱਖ ਮੰੰਤਰੀ ਹੇਮੰਤ ਸੋਰੇਨ ਨੇ ਵੀ ਲੰਘੇ ਦਿਨ ਇਕ ਟਵੀਟ ਵਿੱਚ ਡੀਜੀਪੀ ਤੋਂ ਰਿਪੋਰਟ ਤਲਬ ਕਰਨ ਦੀ ਗੱਲ ਆਖੀ ਸੀ। -ਪੀਟੀਆਈ
ਮੁਲਜ਼ਮਾਂ ਨੂੰ ਸਖ਼ਤ ਸਜ਼ਾ ਤੇ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ਼ ਮਿਲੇ: ਰਾਹੁਲ-ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੁਮਕਾ ਹੱਤਿਆ ਕਾਂਡ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਅਪਰਾਧ ਕਰਨ ਵਾਲੇ ਵਿਅਕਤੀ ਨੂੰ ਸਖ਼ਤ ਸਜ਼ਾ ਹੋਵੇ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੜਕੀ ਤੇ ਉਸ ਦੇ ਪਰਿਵਾਰ ਨੂੰ ਉਦੋਂ ਹੀ ਨਿਆਂ ਮਿਲੇਗਾ, ਜਦੋਂ ਬੇਰਹਿਮੀ ਨਾਲ ਅੰਜਾਮ ਦਿੱਤੀ ਵਾਰਦਾਤ ਦੇ ਦੋੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਖ਼ਤ ਸਜ਼ਾ ਮਿਲੇ। ਉਨ੍ਹਾਂ ਦੇਸ਼ ਵਿੱਚ ਮਹਿਲਾਵਾਂ ਲਈ ਸੁਰੱਖਿਅਤ ਮਾਹੌਲ ਸਿਰਜਣ ਦਾ ਸੱਦਾ ਦਿੱਤਾ। ਉਧਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਟਵੀਟ ਵਿੱਚ ਦੁਮਕਾ ਹੱਤਿਆ ਕਾਂਡ ਨੂੰ ਦਿਲ ਦਹਿਲਾਉਣ ਵਾਲਾ ਦੱਸਿਆ ਹੈ। ਪ੍ਰਿਯੰਕਾ ਨੇ ਕਿਹਾ ਕਿ ਅਪਰਾਧੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲੇ। -ਪੀਟੀਆਈ