ਸ੍ਰੀਨਗਰ, 5 ਅਗਸਤ
ਇਕ ਸਾਲ ਪਹਿਲਾਂ ਧਾਰਾ 370 ਹਟਾਏ ਜਾਣ ਕਾਰਨ ਪੈਦਾ ਹੋਏ ਹਾਲਾਤ ਬਾਰੇ ਵਿਚਾਰ-ਚਰਚਾ ਕਰਨ ਲਈ ਜੰਮੂ ਕਸ਼ਮੀਰ ਦੇ ਉੱਘੇ ਆਗੂ ਫਾਰੂਕ ਅਬਦੁੱਲਾ ਵੱਲੋਂ ਅੱਜ ਸੱਦੀ ਗਈ ਵੱਖ-ਵੱਖ ਸਿਆਸੀ ਪਾਰਟੀਆਂ ਦੀ ਮੀਟਿੰਗ, ਅਥਾਰਟੀਆਂ ਵੱਲੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਕਾਰਨ ਨਹੀਂ ਹੋ ਸਕੀ। ਇਹ ਜਾਣਕਾਰੀ ਨੈਸ਼ਨਲ ਕਾਨਫ਼ਰੰਸ ਨੇ ਦਿੱਤੀ। ਜ਼ਿਕਰਯੋਗ ਹੈ ਕਿ ਸ੍ਰੀ ਅਬਦੁੱਲਾ ਨੇ ਲੋਕਤੰਤਰੀ ਢੰਗ ਨਾਲ ਮੁੜ ਤੋਂ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ਲਈ ਇਕ ਸਾਂਝੀ ਸਿਆਸੀ ਰਣਨੀਤੀ ਤੈਅ ਕਰਨ ਵਾਸਤੇ ਗੁਪਕਾਰ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸੱਦਿਆ ਸੀ। ਨੈਸ਼ਨਲ ਕਾਨਫ਼ਰੰਸ ਦੇ ਆਗੂਆਂ ਨੇ ਕਿਹਾ ਕਿ ਦੱਖਣੀ ਕਸ਼ਮੀਰ ’ਚ ਪੈਂਦੇ ਅਨੰਤਨਾਗ ਤੋਂ ਪਾਰਟੀ ਦੇ ਸੰਸਦ ਮੈਂਬਰ ਹਸਨੈਨ ਮਸੂਦੀ ਤੇ ਪੀਡੀਪੀ ਦੇ ਰਾਜ ਸਭਾ ਮੈਂਬਰ ਫਿਆਜ਼ ਮੀਰ ਨੂੰ ਕਰੋਨਾਵਾਇਰਸ ਦੇ ਮੱਦੇਨਜ਼ਰ ਜ਼ਿਲ੍ਹੇ ’ਚ ਅਥਾਰਟੀਆਂ ਵੱਲੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦਾ ਹਵਾਲਾ ਦੇ ਕੇ ਗੁਪਕਾਰ ਰੋਡ ਤੱਕ ਜਾਣ ਹੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੀਪੀਆਈ (ਐੱਮ) ਆਗੂ ਐੱਮ.ਵਾਈ. ਤਰੀਗਾਮੀ, ਉੱਤਰ ਕਸ਼ਮੀਰ ’ਚ ਪੈਂਦੇ ਬਾਰਾਮੁੱਲਾ ਤੋਂ ਨੈਸ਼ਨਲ ਕਾਨਫ਼ਰੰਸ ਦੇ ਸੰਸਦ ਮੈਂਬਰ ਅਕਬਰ ਲੋਨ ਅਤੇ ਸ੍ਰੀ ਅਬਦੁੱਲਾ ਦੇ ਭਤੀਜੇ ਮੁਜ਼ੱਫਰ ਸ਼ਾਹ ਜੋ ਆਵਾਮੀ ਨੈਸ਼ਨਲ ਕਾਨਫ਼ਰੰਸ ਦੀ ਅਗਵਾਈ ਕਰਦੇ ਹਨ, ਨੂੰ ਉਨ੍ਹਾਂ ਦੇ ਘਰਾਂ ਅੰਦਰ ਹੀ ਰੋਕ ਦਿੱਤਾ ਗਿਆ ਤੇ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵਿੱਟਰ ’ਤੇ ਕਿਹਾ ਕਿ ਕਸ਼ਮੀਰ ਵਿੱਚ ਅਧਿਕਾਰੀਆਂ ਨੇ ਮੀਟਿੰਗ ਨਹੀਂ ਹੋਣ ਦਿੱਤੀ। -ਪੀਟੀਆਈ
ਪ੍ਰਸ਼ਾਸਨ ਦਾ ਭੈਅ ਕਸ਼ਮੀਰ ਦੀ ਅਸਲ ਜ਼ਮੀਨੀ ਹਕੀਕਤ ਬਿਆਨ ਕਰ ਰਿਹੈ: ਉਮਰ
ਕਸ਼ਮੀਰ ਦੇ ਸਿਆਸੀ ਆਗੂਆਂ ਨੇ ਅੱਜ ਇਕ ਮੀਟਿੰਗ ਵੀ ਰੱਖੀ ਹੋਈ ਸੀ, ਪਰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕੀਤਾ ਕਿ ਇਕ ਸਾਲ ਬਾਅਦ ਵੀ ਪ੍ਰਸ਼ਾਸਨ ਸਾਨੂੰ ਮੁਲਾਕਾਤ ਦੀ ਇਜਾਜ਼ਤ ਦੇਣ ਤੋਂ ਡਰ ਰਿਹਾ ਹੈ। ਆਮ ਸਿਆਸੀ ਗਤੀਵਿਧੀਆਂ ਵੀ ਨਹੀਂ ਕਰਨ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਇਸ ਭੈਅ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਸ਼ਮੀਰ ਵਿਚ ਅਸਲ ਜ਼ਮੀਨੀ ਹਕੀਕਤ ਕੀ ਹੈ।
ਕਸ਼ਮੀਰ ਵਿੱਚ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ: ਚੀਨ
ਪੇਈਚਿੰਗ: ਚੀਨ ਨੇ ਅੱਜ ਆਸ ਜਤਾਈ ਕਿ ਭਾਰਤ ਤੇ ਪਾਕਿਸਤਾਨ ਸੰਵਾਦ ਜ਼ਰੀਏ ਆਪਣੇ ਵੱਖਰੇਵਿਆਂ ਨੂੰ ‘ਢੁੱਕਵੇਂ’ ਤਰੀਕੇ ਨਾਲ ਨਜਿੱਠਣ ਤੇ ਰਿਸ਼ਤਿਆਂ ਨੂੰ ਸੁਧਾਰਨ ਦੇ ਸਮਰੱਥ ਹਨ। ਚੀਨ ਨੇ ਕਿਹਾ ਕਿ ਦੋਵੇਂ ਮੁਲਕ ਮਿਲ ਕੇ ਅਮਨ, ਸਥਿਰਤਾ ਤੇ ਵਿਕਾਸ ਦੀ ਰੱਖਿਆ ਕਰ ਸਕਦੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈੱਨਬਿਨ ਇਕ ਪਾਕਿਸਤਾਨੀ ਪੱਤਰਕਾਰ ਵੱਲੋਂ ਜੰਮੂ ਤੇ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੀ ਪਹਿਲੀ ਵਰ੍ਹੇਗੰਢ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਵੈਂਗ ਨੇ ਕਿਹਾ ਭਾਰਤ ਤੇ ਪਾਕਿਸਤਾਨ ਵਿਚਾਲੇ ਅਮਨ ਦੀ ਸਹਿਹੋਂਦ ਦੋਵਾਂ ਮੁਲਕਾਂ ਤੇ ਕੌਮਾਂਤਰੀ ਭਾਈਚਾਰੇ
ਦੇ ਬੁਨਿਆਦੀ ਹਿੱਤਾਂ ਦੀ ਪੂਰਤੀ ਕਰਦੀ ਹੈ। ਤਰਜਮਾਨ ਨੇ ਕਿਹਾ, ‘ਚੀਨ ਕਸ਼ਮੀਰ ਖਿੱਤੇ ਵਿੱਚ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਸਾਡਾ ਨਜ਼ਰੀਆ ਸਥਿਰ ਤੇ ਸਪਸ਼ਟ ਹੈ। ਇਹ ਮੁੱਦਾ ਇਕ ਵਿਵਾਦ ਹੈ, ਜੋ ਭਾਰਤ ਤੇ ਪਾਕਿਸਤਾਨ ਵਿਚਲੇ ਇਤਿਹਾਸ ਨੇ ਅਣਸੁਲਝਿਆ ਛੱਡਿਆ ਹੈ। ਇਹ ਇਕ ਵਾਸਤਵਿਕ ਤੱਥ ਹੈ, ਜਿਸ ਨੂੰ ਯੂਐੱਨ ਚਾਰਟਰ, ਸਲਾਮਤੀ ਕੌਂਸਲ ਦੇ ਮਤਿਆਂ ਅਤੇ ਪਾਕਿਸਤਾਨ ਤੇ ਭਾਰਤ ਦਰਮਿਆਨ ਹੋਏ ਦੁਵੱਲੇ ਕਰਾਰਾਂ ਵਿੱਚ ਸਥਾਪਿਤ ਕੀਤਾ ਗਿਆ ਹੈ।’ ਵੈਂਗ ਨੇ ਕਿਹਾ ਕਿ ਮੌਜੂਦਾ ਸਥਿਤੀ ’ਚ ਇਕਪਾਸੜ ਬਦਲਾਅ ਗੈਰਕਾਨੂੰਨੀ ਤੇ ਗੈਰਵਾਜਬ ਹੈ। ਸਬੰਧਤ ਧਿਰਾਂ ਨੂੰ ਇਹ ਮੁੱਦਾ ਸ਼ਾਂਤੀਪੂਰਵਕ ਤਰੀਕੇ ਨਾਲ ਸੰਵਾਦ ਜ਼ਰੀਏ ਤੇ ਸਲਾਹ ਮਸ਼ਵਰੇ ਨਾਲ ਸੁਲਝਾਉਣਾ ਚਾਹੀਦਾ ਹੈ। ਚੇਤੇ ਰਹੇ ਕਿ ਚੀਨ ਨੇ ਪਿਛਲੇ ਸਾਲ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤੇ 35ਏ ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਖ਼ਤਮ ਕਰਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੱਡੇ ਜਾਣ ਦੀ ਭਾਰਤ ਦੀ ਪੇਸ਼ਕਦਮੀ ਨੂੰ ‘ਅਸਵੀਕਾਰ’ ਕਰਾਰ ਦਿੱਤਾ ਸੀ। -ਪੀਟੀਆਈ
ਕਸ਼ਮੀਰ ਮੁੱਦਾ ਆਲਮੀ ਪੱਧਰ ’ਤੇ ਊਠਾਊਂਦਾ ਰਹਾਂਗਾ: ਇਮਰਾਨ
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੁਹਰਾਇਆ ਹੈ ਕਿ ਊਨ੍ਹਾਂ ਦਾ ਮੁਲਕ ਕਸ਼ਮੀਰ ਮੁੱਦਾ ਸਾਰੇ ਕੌਮਾਂਤਰੀ ਮੰਚਾਂ ’ਤੇ ਊਠਾਊਣਾ ਜਾਰੀ ਰੱਖੇਗਾ। ਭਾਰਤ ਵੱਲੋਂ ਜੰਮੂ ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਪਿਛਲੇ ਸਾਲ 5 ਅਗਸਤ ਨੂੰ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ’ਤੇ ਮਕਬੂਜ਼ਾ ਕਸ਼ਮੀਰ ਦੀ ਵਿਧਾਨ ਸਭਾ ਨੂੰ ਸੰਬੋਧਨ ਕਰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਕਈ ਆਲਮੀ ਆਗੂ ਤਾਂ ਇਹ ਵੀ ਨਹੀਂ ਜਾਣਦੇ ਸਨ ਕਿ ਕਸ਼ਮੀਰ ਵਿਚ ਕੀ ਕੁਝ ਵਾਪਰ ਰਿਹਾ ਹੈ। ‘ਸਾਡੀ ਸਰਕਾਰ ਦੀਆਂ ਕੋਸ਼ਿਸਾਂ ਸਦਕਾ ਕਸ਼ਮੀਰ ਮੁੱਦੇ ਦਾ ਹੁਣ ਦੁਨੀਆ ਨੋਟਿਸ ਲੈਣ ਲੱਗ ਪਈ ਹੈ।’’ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਨਵੇਂ ਸਿਆਸੀ ਨਕਸ਼ੇ ਦਾ ਪੱਖ ਪੂਰਦਿਆਂ ਕਿਹਾ ਕਿ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਨੂੰ ਭਾਰਤ ਦਾ ਹਿੱਸਾ ਦਿਖਾਊਣ ਲਈ ਊਸ ਨੂੰ ਜਵਾਬ ਦੇਣਾ ਜ਼ਰੂਰੀ ਸੀ। -ਪੀਟੀਆਈ