ਮੁੰਬਈ, 3 ਅਕਤੂੁਬਰ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਕਰੂਜ਼ ਜਹਾਜ਼ ’ਤੇ ਚੱਲ ਰਹੀ ਡਰੱਗਜ਼ (ਨਸ਼ਿਆਂ ਦੀ) ਪਾਰਟੀ ਦੌਰਾਨ ਮਾਰੇ ਛਾਪੇ ਵਿੱਚ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਅੱਜ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ ਹੈ। ਆਰੀਅਨ ਤੇ ਸੱਤ ਹੋਰਨਾਂ ਨੂੰ ਸ਼ਨਿੱਚਰਵਾਰ ਸ਼ਾਮ ਨੂੰ ਮਾਰੇ ਛਾਪੇ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਸਨ। ਆਰੀਅਨ, ਮੁਨਮੁਨ ਧਮੇਚਾ ਤੇ ਅਰਬਾਜ਼ ਮਰਚੈਂਟ ਖਿਲਾਫ਼ ਐੱਨਡੀਪੀਐੱਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਮਗਰੋਂ ਉਨ੍ਹਾਂ ਨੂੰ ਮੈਟਰੋਪਾਲਿਟਨ ਮੈਜਿਸਟਰੇਟ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਇਕ ਦਿਨਾ ਐੱਨਸੀਬੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਐੱਨਸੀਬੀ ਵਕੀਲ ਨੇ ਹਾਲਾਂਕਿ ਮੁਲਜ਼ਮਾਂ ਦੀ ਦੋ ਦਿਨਾ ਹਿਰਾਸਤ ਮੰਗੀ ਸੀ। ਐੱਨਸੀਬੀ ਨੇ ਤਰਕ ਦਿੱਤਾ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਤੇ ਡਰੱਗ ਸਪਲਾਇਰਾਂ ਦੀ ਪੈੜ ਨੱਪਣ ਲਈ ਅਜੇ ਹੋਰ ਛਾਪੇ ਮਾਰਨ ਦੀ ਲੋੜ ਹੈ। ਉਧਰ ਆਰੀਅਨ ਦੇ ਵਕੀਲ ਨੇ ਕਿਹਾ ਕਿ ਉਸ ਦੇ ਮੁਵੱਕਿਲ ਨੂੰ ਕਰੂਜ਼ ਦੇ ਪ੍ਰਬੰਧਕਾਂ ਨੇ ਇਕ ਈਵੈਂਟ ਲਈ ਸੱਦਿਆ ਸੀ ਤੇ ਛਾਪੇ ਦੌਰਾਨ ਆਰੀਅਨ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਆਰੀਅਨ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਕਿਹਾ ਕਿ ਉਹ ਜਲਦੀ ਹੀ ਜ਼ਮਾਨਤ ਅਰਜ਼ੀ ਦਾਖ਼ਲ ਕਰਨਗੇ।
ਆਰੀਅਨ ’ਤੇ ਪਾਬੰਦੀਸ਼ੁਦਾ ਨਸ਼ਾ ਆਪਣੇ ਕੋਲ ਰੱਖਣ ਤੇ ਉਸ ਦੇ ਸੇਵਨ ਦਾ ਦੋਸ਼ ਹੈ। ਇਸ ਕੇਸ ਵਿੱਚ ਸ਼ਾਮਲ ਹੋਰਨਾਂ ਦੀ ਪਛਾਣ ਮੁਨਮੁਨ ਧਮੇਚਾ, ਨੁਪੁਰ ਸਾਰਿਕਾ, ਇਸ਼ਮੀਤ ਸਿੰਘ, ਮੋਹਕ ਜਸਵਾਲ, ਵਿਕਰਾਂਤ ਛੋਕਰ, ਗੋਮਿਤ ਚੋਪੜਾ ਤੇ ਅਰਬਾਜ਼ ਮਰਚੈਂਟ ਵਜੋਂ ਦੱਸੀ ਗਈ ਹੈ। ਐੱਨਸੀਬੀ ਅਧਿਕਾਰੀ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਇਨ੍ਹਾਂ ਕੋਲੋਂ ਐੱਮਡੀਐੱਮਏ, ਐਕਸਟੇਸੀ, ਕੋਕੀਨ, ਐੱਮਡੀ ਤੇ ਚਰਸ ਦੇ ਰੂਪ ਵਿੱਚ ਵੱਖ ਵੱਖ ਤਰ੍ਹਾਂ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਐਂਟੀ-ਡਰੱਗ ਏਜੰਸੀ ਨੇ ਡਰੱਗਜ਼ ਪਾਰਟੀ ਦੇ ਸਬੰਧ ਵਿੱਚ ਐੱਫਆਈਆਰ ਦਰਜ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਕਰੂਜ਼ ’ਤੇ ਡਰੱਗਜ਼ ਪਾਰਟੀ ਚੱਲਣ ਦੀ ਸੂਹ ਮਿਲੀ ਸੀ, ਜਿਸ ਮਗਰੋਂ ਐੱਨਸੀਬੀ ਟੀਮ ਨੇ ਆਪਣੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇਡੇ ਦੀ ਅਗਵਾਈ ਵਿੱਚ ਮੁੰਬਈ ਤੋਂ ਗੋਆ ਜਾ ਰਹੇ ਕੋਰਡੇਲੀਆ ਕਰੂਜ਼ ਜਹਾਜ਼ ’ਤੇ ਸ਼ਨਿੱਚਰਵਾਰ ਸ਼ਾਮ ਨੂੰ ਛਾਪਾ ਮਾਰਿਆ, ਜਿਸ ਦੌਰਾਨ ਕੁਝ ਮੁਸਾਫ਼ਰਾਂ ਤੋਂ ਡਰੱਗਜ਼ ਬਰਾਮਦ ਕੀਤੇ ਗਏ। ਐੱਨਸੀਬੀ ਅਧਿਕਾਰੀ ਨੇ ਕਿਹਾ, ‘‘ਛਾਪੇਮਾਰੀ ਦੌਰਾਨ ਮਸ਼ਕੂਕਾਂ ਦੀ ਤਲਾਸ਼ੀ ਲਈ ਗਈ ਤੇ ਉਨ੍ਹਾਂ ਕੋਲੋਂ ਵੱਖ ਵੱਖ ਤਰ੍ਹਾਂ ਦੇ ਨਸ਼ੇ ਬਰਾਮਦ ਹੋਏ, ਜੋ ਉਨ੍ਹਾਂ ਆਪਣੇ ਕੱਪੜਿਆਂ, ਅੰਦਰੂਨੀ ਵਸਤਰਾਂ ਤੇ ਪਰਸਾਂ (ਔਰਤਾਂ ਨੇ) ਵਿੱਚ ਲੁਕੋ ਰੱਖੇ ਸਨ।’’ ਅਧਿਕਾਰੀ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਸਾਰੇ ਵਿਅਕਤੀਆਂ ਨੂੰ ਰਸਮੀ ਕਾਨੂੰਨੀ ਕਾਰਵਾਈ ਮੁਕੰਮਲ ਹੋਣ ਮਗਰੋਂ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਉਂਜ ਐੱਨਸੀਬੀ ਨੇ ਅੱਜ ਸਵੇਰੇ ਇਨ੍ਹਾਂ ਹਿਰਾਸਤੀਆਂ ਕੋਲੋਂ ਆਪਣੇ ਦਫ਼ਤਰ ਵਿੱਚ ਪੁੱਛਗਿੱਛ ਵੀ ਕੀਤੀ।
ਸੋਸ਼ਲ ਮੀਡੀਆ ’ਤੇ ਲੀਕ ਵੀਡੀਓ ਕਲਿੱਪ ਵਿੱਚ ਆਰੀਅਨ ਖ਼ਾਨ ਐੱਨਸੀਪੀ ਦਫ਼ਤਰਾਂ ਵਿੱਚ ਕੁਝ ਹੋਰਨਾਂ ਨਾਲ ਬੈਠਾ ਨਜ਼ਰ ਆ ਰਿਹਾ ਹੈ। ਐੱਨਸੀਬੀ ਅਧਿਕਾਰੀ ਨੇ ਕਿਹਾ ਕਿ ਆਰੀਅਨ ਸਮੇਤ ਕੁਝ ਹੋਰਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕਰੂਜ਼ ’ਤੇ ਕੀਤੀ ਡਰੱਗਜ਼ ਪਾਰਟੀ ਲਈ ਸੋਸ਼ਲ ਮੀਡੀਆ ਜ਼ਰੀਏ ਟਿਕਟਾਂ ਦੀ ਵਿਕਰੀ ਕੀਤੀ ਗਈ ਸੀ। ਪ੍ਰਤੀ ਵਿਅਕਤੀ ਟਿਕਟ ਦਾ ਮੁੱਲ 75000 ਰੁਪਏ ਸੀ। ਐੱਨਸੀਬੀ ਟੀਮ ਨੂੰ ਇਸ ਪਾਰਟੀ ਬਾਰੇ ਅਗਾਊਂ ਜਾਣਕਾਰੀ ਸੀ। ਟੀਮ ਵਿੱਚ ਸ਼ਾਮਲ ਅਧਿਕਾਰੀਆਂ ਤੇ ਹੋਰ ਮੈਂਬਰਾਂ ਨੇ ਆਮ ਮੁਸਾਫਰਾਂ ਵਜੋਂ ਟਿਕਟ ਬੁੱਕ ਕੀਤੀ ਸੀ ਤੇ ਜਿਵੇਂ ਹੀ ਕਰੂਜ਼ ’ਤੇ ਨਸ਼ਿਆਂ ਦਾ ਸੇਵਨ ਸ਼ੁਰੂ ਹੋਇਆ ਤਾਂ ਉਨ੍ਹਾਂ ਛਾਪਾ ਮਾਰ ਦਿੱਤਾ। ਕੋਰਡੇਲੀਆ ਕਰੂਜ਼ ’ਤੇ ਪਾਰਟੀ ਮੌਕੇ 1500 ਦੇ ਕਰੀਬ ਮੁਸਾਫ਼ਰ ਮੌਜੂਦ ਸਨ। ਉਧਰ ਕਰੂਜ਼ ਕੰਪਨੀ ‘ਕੋਰਡੇਲੀਆ ਕਰੂਜ਼ਿਜ਼’ ਨੇ ਇਕ ਬਿਆਨ ਵਿੱਚ ਇਸ ਪੂਰੀ ਘਟਨਾ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ ਕੀਤਾ ਹੈ। ਕੰਪਨੀ ਦੇ ਸੀਈਓ ਤੇ ਵਾਟਰਵੇਜ਼ ਲਈਅਰ ਟੂਰਿਜ਼ਮ ਪ੍ਰਾਈਵੇਟ ਲਿਮਿਟਡ ਦੇ ਪ੍ਰਧਾਨ ਜਰਗਨ ਬੇਲੋਮ ਨੇ ਕਿਹਾ ਕਿ ਕੋਰਡੇਲੀਆ ਕਰੂਜ਼ਿਜ਼ ਦਾ ਇਸ ਘਟਨਾ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਕੋਈ ਲਾਗਾ ਦੇਗਾ ਨਹੀਂ ਹੈ। ਕੰਪਨੀ ਨੇ ਆਪਣਾ ਕਰੂਜ਼ ਇਕ ਨਿੱਜੀ ਸਮਾਗਮ ਲਈ ਦਿੱਲੀ ਅਧਾਰਿਤ ਈਵੈਂਟ ਮੈਨੇਜਮੈਂਟ ਕੰਪਨੀ ਨੂੰ ਦਿੱਤਾ ਸੀ। -ਪੀਟੀਆਈ
ਐੱਨਸੀਬੀ ਦਾ ਛਾਪਾ ਮੁੰਦਰਾ ਬੰਦਰਗਾਹ ਡਰੱਗਜ਼ ਕੇਸ ਤੋਂ ਧਿਆਨ ਹਟਾਉਣ ਦਾ ਯਤਨ: ਕਾਂਗਰਸ
ਪਣਜੀ/ਮੁੰਬਈ: ਕਾਂਗਰਸ ਨੇ ਅੱਜ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਵੱਲੋਂ ਮੁੰਬਈ ਵਿੱਚ ਇਕ ਕਰੂਜ਼ ਜਹਾਜ਼ ’ਤੇ ਕੀਤੀ ਛਾਪੇਮਾਰੀ ਤੇ ਮਗਰੋਂ ਕੁਝ ਲੋਕਾਂ ਖਿਲਾਫ਼ ਕੀਤੀ ਗਈ ਕਾਰਵਾਈ, ਗੁਜਰਾਤ ਦੇ ਮੁੰਦਰਾ ਬੰਦਰਗਾਹ ’ਤੇ ਕਾਬੂ ਕੀਤੀ ਨਸ਼ਿਆਂ ਦੀ ਵੱਡੀ ਖੇਪ ਦੇ ‘ਅਸਲ ਮੁੱਦੇ’ ਤੋਂ ਧਿਆਨ ਹਟਾਉਣ ਦੇ ਯਤਨ ਵਜੋਂ ਕੀਤੀ ਗਈ ਹੈ। ਕਾਂਗਰਸ ਤਰਜਮਾਨ ਸ਼ਮਾ ਮੁਹੰਮਦ ਨੇ ਬੰਦਰਗਾਹ ’ਤੇ ਫੜੀ ਨਸ਼ਿਆਂ ਦੀ ਖੇਪ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ’ਚ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਡੀਆਰਆਈ ਨੇ ਪਿਛਲੇ ਮਹੀਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਮੁੰਦਰਾ ਬੰਦਰਗਾਹ ’ਤੇ 21 ਹਜ਼ਾਰ ਕਰੋੜ ਰੁਪਏ ਮੁੱਲ ਦੀ ਤਿੰਨ ਹਜ਼ਾਰ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਸੀ। -ਪੀਟੀਆਈ