ਮੁੰਬਈ, 28 ਮਈ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੁੂਤ ਦੀ ਪਿਛਲੇ ਸਾਲ ਹੋਈ ਮੌਤ ਨਾਲ ਜੁੜੇ ਡਰੱਗ ਮਾਮਲੇ ਸਬੰਧੀ ਅਦਾਕਾਰ ਦੇ ਫਲੈਟ ਵਿੱਚ ਉਸ ਨਾਲ ਰਹਿਣ ਵਾਲੇ ਸਿਧਾਰਥ ਪਿਠਾਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐੱਨਸੀਬੀ ਦੇ ਇੱਕ ਅਧਿਕਾਰੀ ਨੇ ਅੱਜ ਇੱਥੇ ਦੱਸਿਆ ਕਿ ਪਿਠਾਨੀ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਤੇਲੰਗਾਨਾ ਦੀ ਰਾਜਧਾਨੀ ਵਿੱਚ ਇੱਕ ਅਦਾਲਤ ਤੋਂ ਵਾਰੰਟ ਲੈ ਕੇ ਮੁੰਬਈ ਲਿਆਂਦਾ ਗਿਆ। ਮੁਕੱਦਮੇ ਦੀ ਪੈਰਵੀਂ ਕਰ ਰਹੇ ਵਕੀਲ ਨੇ ਦੱਸਿਆ ਕਿ ਬਾਅਦ ਵਿੱਚ ਉਸ ਨੂੰ ਮੁੰਬਈ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਇੱਕ ਜੂਨ ਤੱਕ ਐੱਨਸੀਬੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ (34) ਪਿਛਲੇ ਸਾਲ 14 ਜੂਨ ਨੂੰ ਆਪਣੇ ਬਾਂਦਰਾ ਸਥਿਤ ਫਲੈਟ ਵਿੱਚ ਮ੍ਰਿਤਕ ਪਾਇਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਡਰੱਗ ਮਾਮਲੇ ਵਿੱਚ ਪਿਠਾਨੀ ਦੀ ਕਥਿਤ ਭੂਮਿਕਾ ਅਦਾਕਾਰ ਦੀ ਮੌਤ ਤੋਂ ਬਾਅਦ ਉੱਭਰੀ ਸੀ, ਜੋ ਐੱਨਸੀਬੀ ਦੀ ਜਾਂਚ ਦੌਰਾਨ ਸਾਹਮਣੇ ਆਈ ਅਤੇ ਇਸੇ ਲਈ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐੱਨਸੀਬੀ ਟੀਮ ਦੇ ਜ਼ੋਨਲ ਡਾਇਰੈਟਰ ਸਮੀਰ ਵਾਨਕਖੇੜੇ ਨੇ ਪਿਠਾਨੀ ਦੀ ਭਾਲ ਸ਼ੁਰੂ ਕੀਤੀ ਸੀ ਅਤੇ ਉਸ ਦੇ ਹੈਦਰਾਬਾਦ ਹੋਣ ਦੀ ਜਾਣਕਾਰੀ ਮਿਲੀ ਸੀ। ਨਸ਼ੀਲੇ ਪਦਾਰਥਾਂ ਸਬੰਧੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੇ ਦੱਸਿਆ ਕਿ ਐੱਨਸੀਬੀ ਦੀ ਮੁੰਬਈ ਟੀਮ ਨੇ ਸਿਧਾਰਥ ਪਠਾਨੀ ਨੂੰ 26 ਮਈ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ। ਇਸ ਤੋਂ ਪਹਿਲਾਂ ਐੱਨਡੀਪੀਐੱਸ ਐਕਟ ਅਧੀਨ ਸਿਧਾਰਥ ਨੂੰ ਨੋਟਿਸ ਭੇਜੇ ਗਏ ਸਨ ਪਰ ਉਹ ਜਾਂਚ ਵਿੱਚ ਸ਼ਾਮਿਲ ਨਹੀਂ ਹੋਇਆ ਸੀ। -ਪੀਟੀਆਈ