ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਡਰੱਗ ਕੇਸ ਨਾਲ ਸਬੰਧਤ ਇੱਕ ਮਾਮਲੇ ਵਿੱਚ ਅੱਜ ਮੁੰਬਈ ਦੇ ਪ੍ਰਸਿੱਧ ‘ਮੁੱਛੜ ਪਾਨਵਾਲਾ’ ਦੀ ਦੁਕਾਨ ਦੇ ਇੱਕ ਮਾਲਕ ਰਾਮਕੁਮਾਰ ਤਿਵਾੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਸੀਬੀ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਦੱਖਣੀ ਮੁੰਬਈ ਦੇ ਕੈਂਪਸ ਕਾਰਨਰ ਵਿੱਚ ਸਥਿਤ ਪਾਨ ਦੀ ਇਹ ਦੁਕਾਨ ਬਹੁਤ ਪ੍ਰਸਿੱਧ ਹੈ ਕਿਉਂਕਿ ਇੱਥੇ ਕੁਝ ਮਸ਼ਹੂਰ ਹਸਤੀਆਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਅਧਿਕਾਰੀ ਨੇ ਦੱਸਿਆ ਕਿ ਪੁੱਛ ਪੜਤਾਲ ਮਗਰੋਂ ਤਿਵਾੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡਰੱਗ ਕੇਸ ਨਾਲ ਮਾਮਲੇ ਦੀ ਜਾਂਚ ਦੌਰਾਨ ਤਿਵਾੜੀ ਦਾ ਨਾਂ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਸ਼ਨਿਚਰਵਾਰ ਨੂੰ ਖਾਰ ਤੇ ਬਾਂਦਰਾ ਇਲਾਕੇ ਵਿੱਚੋਂ 200 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨਾਲ ਇੱਕ ਬਰਤਾਨਵੀ ਨਾਗਰਿਕ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-ਪੀਟੀਆਈ