ਭੋਪਾਲ, 17 ਮਈ
ਭੋਪਾਲ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਅੱਜ ਦਾਅਵਾ ਕੀਤਾ ਕਿ ਗਊ ਮੂਤਰ ਦਾ ਅਰਕ ਪੀਣ ਨਾਲ ਕੋਵਿਡ-19 ਨਹੀਂ ਹੋਵੇਗਾ ਕਿਉਂਕਿ ਇਸ ਨਾਲ ਫੇਫੜਿਆਂ ਦੀ ਇਨਫੈਕਸ਼ਨ ਦੂਰ ਹੁੰਦੀ ਹੈ। ਉਨ੍ਹਾਂ ਕਿਹਾ, ‘ਮੈਂ ਰੋਜ਼ਾਨਾ ਗਊ ਮੂਤਰ ਦਾ ਅਰਕ ਪੀਂਦੀ ਹਾਂ। ਇਸ ਲਈ ਮੈਨੂੰ ਕਰੋਨਾਵਾਇਰਸ ਨਹੀਂ ਹੋਇਆ ਅਤੇ ਨਾ ਹੀ ਹੋਵੇਗਾ।’ ਭੋਪਾਲ ਦੇ ਬੈਰਾਗੜ੍ਹ ਇਲਾਕੇ ’ਚ ਆਕਸੀਜਨ ਪਲਾਂਟ ਜਨਤਾ ਨੂੰ ਸਮਰਪਿਤ ਕਰਨ ਮਗਰੋਂ ਉਨ੍ਹਾਂ ਕਿਹਾ, ‘ਦੇਸੀ ਗਾਂ ਦੇ ਪਿਸ਼ਾਬ ਦਾ ਅਰਕ ਜੇਕਰ ਅਸੀਂ ਲੈਂਦੇ ਹਾਂ ਉਸ ਨਾਲ ਫੇਫੜਿਆਂ ਦੀ ਇਨਫੈਕਸ਼ਨ ਦੂਰ ਹੁੰਦੀ ਹੈ।’ ਉਨ੍ਹਾਂ ਕਿਹਾ, ‘ਮੈਂ ਬਹੁਤ ਤਕਲੀਫ ’ਚ ਹਾਂ ਪਰ ਰੋਜ਼ਾਨਾ ਗਊ ਦੇ ਪਿਸ਼ਾਬ ਦਾ ਅਰਕ ਲੈਂਦੀ ਹਾਂ ਅਤੇ ਇਸ ਕਾਰਨ ਮੈਨੂੰ ਕਰੋਨਾ ਲਈ ਕੋਈ ਹੋਰ ਦਵਾਈ ਨਹੀਂ ਲੈਣੀ ਪੈ ਰਹੀ। ਮੈਨੂੰ ਕਰੋਨਾ ਨਹੀਂ ਹੈ ਤੇ ਨਾ ਹੀ ਹੋਵੇਗਾ।’ ਮੱਧ ਪ੍ਰਦੇਸ਼ ਕਾਂਗਰਸ ਦੇ ਮੀਡੀਆ ਮੀਤ ਪ੍ਰਧਾਨ ਭੁਪੇਂਦਰ ਗੁਪਤਾ ਨੇ ਇਸ ’ਤੇ ਤਨਜ਼ ਕਸਿਆ, ‘ਸਮੇਂ ਸਮੇਂ ’ਤੇ ਭਾਜਪਾ ਦੇ ਵਿਗਿਆਨਿਕ ਸੂਝ ਵਾਲੇ ਨੇਤਾ ਦੇਸ਼ ਨੂੰ ਕਰੋਨਾ ਦੇ ਇਲਾਜ ਦੇ ਨਵੇਂ ਨਵੇਂ ਢੰਗ ਸੁਝਾਉਂਦੇ ਰਹਿੰਦੇ ਹਨ। ਇਸ ਸੰਦਰਭ ’ਚ ਭੋਪਾਲ ਤੋਂ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਦੇ ਸੁਝਾਅ ਨੂੰ ਸਰਕਾਰ ਗੰਭੀਰਤਾ ਨਾਲ ਲਵੇ ਅਤੇ ਸੂਬੇ ਦੇ ਕਿਸੇ ਮੈਡੀਕਲ ਕਾਲਜ ਵਿੱਚ ‘ਗਊ ਮੂਤਰ ਬੈਂਚ’ ਦੀ ਸਥਾਪਨਾ ਕਰਨੀ ਚਾਹੀਦੀ ਹੈ। ਕਿਉਂਕਿ ਪ੍ਰੱਗਿਆ ਭੋਪਾਲ ਤੋਂ ਐੱਮਪੀ ਹੈ ਇਸ ਲਈ ਉਨ੍ਹਾਂ ਨੂੰ ਉਸ ਮੈਡੀਕਲ ਕਾਲਜ ’ਚ ਗਊ ਮੂਤਰ ਵਾਰਡ ਵੀ ਬਣਵਾਉਣਾ ਚਾਹੀਦਾ ਹੈ ਜਿਸ ’ਚ ਸੰਘ ਤੇ ਭਾਜਪਾ ਦੇ ਕਰੋਨਾ ਪੀੜਤ ਵਰਕਰ ਆਪਣਾ ਇਲਾਜ ਕਰਵਾ ਸਕਣ।’ -ਪੀਟੀਆਈ