ਨਵੀਂ ਦਿੱਲੀ: ਖੇਡ ਮੰਚ ਡਰੀਮ-11 ਨੇ ਚੀਨੀ ਕੰਪਨੀ ਵੀਵੋ ਦੀ ਥਾਂ ਤਕਰੀਬਨ ਸਾਢੇ ਚਾਰ ਮਹੀਨੇ ਦੇ ਕਰਾਰ ਲਈ 222 ਕਰੋੜ ਰੁਪਏ ਦੀ ਬੋਲੀ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ ਟਾਈਟਲ ਸਪਾਂਸਰ ਦਾ ਅਧਿਕਾਰ ਹਾਸਲ ਕਰ ਲਿਆ ਹੈ। ਡਰੀਮ-11 ਪਹਿਲਾਂ ਤੋਂ ਹੀ ਪਿਛਲੇ ਕੁਝ ਸਾਲਾਂ ਤੋਂ ਆਈਪੀਐੱਲ ਨਾਲ ਜੁੜਿਆ ਹੋਇਆ ਹੈ। ਆਈਪੀਐੱਲ ਦੇ ਪ੍ਰਧਾਨ ਬ੍ਰਿਜੇਸ਼ ਪਟੇਲ ਨੇ ਦੱਸਿਆ ਕਿ ਡਰੀਮ-11 ਨੇ 222 ਕਰੋੜ ਰੁਪਏ ਦੀ ਬੋਲੀ ਨਾਲ ਇਹ ਅਧਿਕਾਰ ਹਾਸਲ ਕੀਤਾ ਹੈ। ਇਹ ਵੀ ਪਤਾ ਲੱਗਾ ਹੈ ਟਾਟਾ ਸਮੂਹ ਨੇ ਬੋਲੀ ਨਹੀਂ ਲਾਈ ਜਦਕਿ ਬਾਇਜੂਜ਼ (201 ਕਰੋੜ) ਤੇ ਅਨਅਕੈਡਮੀ (170 ਕਰੋੜ) ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਕਾਰਨ ਵੀਵੋ ਤੇ ਬੀਸੀਸੀਆਈ ਨੇ ਇਸ ਸੈਸ਼ਨ ਲਈ ਸਾਲਾਨਾ 440 ਕਰੋੜ ਰੁਪਏ ਦਾ ਕਰਾਰ ਰੱਦ ਕਰ ਦਿੱਤਾ ਸੀ। ਕੋਵਿਡ-19 ਕਾਰਨ ਇਸ ਵਾਰ ਆਈਪੀਐੱਲ 19 ਸਤੰਬਰ ਤੋਂ ਯੂਏਈ ’ਚ ਖੇਡਿਆ ਜਾਵੇਗਾ। ਡਰੀਮ-11 ’ਚ ਚੀਨੀ ਕੰਪਨੀ ਟੈਨਸੈਂਟ ਦੇ ਨਿਵੇਸ਼ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਹਨ ਪਰ ਬੀਸੀਸੀਆਈ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਹ 10 ਫੀਸਦ ਤੋਂ ਵੀ ਘੱਟ ਹੈ। ਡਰੀਮ-11 ਇੱਕ ਭਾਰਤੀ ਕੰਪਨੀ ਹੈ ਜਿਸ ਦੀ ਸਥਾਪਨਾ ਹਰਸ਼ ਜੈਨ ਤੇ ਭਾਵਿਤ ਸ਼ੇਠ ਨੇ ਕੀਤੀ ਹੈ। ਬੀਸੀਸੀਆਈ ਦੇ ਇੱਕ ਸੂਤਰ ਨੇ ਦੱਸਿਆ, ‘ਡਰੀਮ-11 ਦੀਆਂ ਧਿਰਾਂ ’ਚ ਸ਼ਾਮਲ ਇਸ ਦੇ ਸੰਸਥਾਪਕ ਤੇ 400 ਤੋਂ ਵੱਧ ਮੁਲਾਜ਼ਮ ਭਾਰਤੀ ਹਨ। -ਪੀਟੀਆਈ