ਨਵੀਂ ਦਿੱਲੀ , 23 ਜੁਲਾਈ
ਰਾਸ਼ਟਰਪਤੀ ਚੁਣੇ ਗਏ ਦਰੋਪਦੀ ਮੁਰਮੂ ਸੋਮਵਾਰ ਨੂੰ ਰਾਸ਼ਟਰਪਤੀ ਵਜੋਂ ਕੰਮਕਾਜ ਸੰਭਾਲਣਗੇ। ਉਹ 25 ਜੁਲਾਈ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਹਲਫ਼ ਲੈਣਗੇ। ਗ੍ਰਹਿ ਮੰਤਰਾਲੇ ਅਨੁਸਾਰ ਇਸ ਸਮਾਗਮ ਵਿੱਚ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮੰਨਾ, ਲੋਕ ਸਭਾ ਸਪੀਕਰ ਓਮ ਬਿਰਲਾ, ਮੰਤਰੀ ਪ੍ਰੀਸ਼ਦ ਦੇ ਮੈਂਬਰ, ਰਾਜਾਂ ਦੇ ਰਾਜਪਾਲ, ਮੁੱਖ ਮੰਤਰੀ, ਸੰਸਦ ਮੈਂਬਰ ਅਤੇ ਭਾਰਤ ਸਰਕਾਰ ਦੇ ਅਹਿਮ ਸਿਵਲ ਅਤੇ ਫੌਜੀ ਅਧਿਕਾਰੀ 25 ਜੁਲਾਈ ਦੇ ਸਮਾਗਮ ਵਿੱਚ ਸ਼ਾਮਲ ਹੋਣਗੇ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਦਰੋਪਦੀ ਮੁਰਮੂ ਇੱਕ ਰਸਮੀ ਜਲੂਸ ਵਿੱਚ ਸੈਂਟਰਲ ਹਾਲ ਵਿੱਚ ਪਹੁੰਚਣਗੇ। ਮੁਰਮੂ ਭਾਰਤ ਦੇ ਚੀਫ਼ ਜਸਟਿਸ ਐਨਵੀ ਰਾਮੰਨਾ ਦੀ ਮੌਜੂਦਗੀ ਵਿੱਚ ਅਹੁਦੇ ਦਾ ਹਲਫ਼ ਲੈਣਗੇ। ਇਸ ਮਗਰੋਂ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਰਾਸ਼ਟਰਪਤੀ ਇੱਕ ਭਾਸ਼ਣ ਦੇਣਗੇ।