ਨਵੀਂ ਦਿੱਲੀ, 25 ਜੁਲਾਈ
ਮੁੱਖ ਅੰਸ਼
- ਦੇਸ਼ ਦੇ ਚੀਫ਼ ਜਸਟਿਸ ਰਾਮੰਨਾ ਨੇ ਹਲਫ਼ ਦਿਵਾਇਆ
- ਹੁਣ ਗਰੀਬਾਂ ਦੇ ਸੁਫ਼ਨੇ ਵੀ ਪੂਰੇ ਹੋ ਸਕਦੇ ਨੇ: ਮੁਰਮੂ
- ਆਪਣੇ ਪਲੇਠੇ ਭਾਸ਼ਣ ਵਿੱਚ ‘ਸਬਕਾ ਸਾਥ, ਸਬਕਾ ਕਰਤੱਵਯ’ ਦੀ ਅਪੀਲ ਕੀਤੀ
ਦਰਪੋਦੀ ਮੁਰਮੂ (64) ਨੇ ਅੱਜ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਆਪਣੇ ਪਲੇਠੇ ਭਾਸ਼ਣ ’ਚ ਕਿਹਾ ਕਿ ਉਨ੍ਹਾਂ ਦੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਕਿਸੇ ਵੀ ਗਰੀਬ ਦੇ ਸੁਫ਼ਨੇ ਹੁਣ ਪੂਰੇ ਹੋ ਸਕਦੇ ਹਨ। ਸ੍ਰੀਮਤੀ ਮੁਰਮੂ ਦੇਸ਼ ਦੇ ਸਿਖਰਲੇ ਅਹੁਦੇ ’ਤੇ ਬੈਠਣ ਵਾਲੀ ਆਦਿਵਾਸੀ ਸਮਾਜ ਦੀ ਪਹਿਲੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹਨ। ਉਹ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਹੋਣ ਦੇ ਨਾਲ ਨਾਲ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਆਗੂ ਹਨ। ਦੇਸ਼ ਦੇ ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਉਨ੍ਹਾਂ ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ ਰਾਸ਼ਟਰਪਤੀ ਤੇ ਰਾਜ ਸਭਾ ਚੇਅਰਮੈਨ ਐੱਮ ਵੈਂਕੱਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਦੋਵਾਂ ਸਦਨਾਂ ਦੇ ਮੈਂਬਰਾਂ ਅਤੇ ਹੋਰ ਮਹਿਮਾਨਾਂ ਦੀ ਹਾਜ਼ਰੀ ਵਿੱਚ ਅਹੁਦੇ ਦਾ ਹਲਫ਼ ਦਿਵਾਇਆ। ਹਲਫ਼ ਲੈਣ ਮਗਰੋਂ ਹਾਜ਼ਰੀਨ ਤੇ ਦੇਸ਼ ਵਾਸੀਆਂ ਨੂੰ ਆਪਣੇ ਪਲੇਠੇ ਸੰਬੋਧਨ ਵਿੱਚ ਰਾਸ਼ਟਰਪਤੀ ਮੁਰਮੂ ਨੇ ‘ਸਬਕਾ ਸਾਥ, ਸਬਕਾ ਕਰਤੱਵਯ’ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਖਰਲੇ ਸੰਵਿਧਾਨਕ ਅਹੁਦੇ ’ਤੇ ਉਨ੍ਹਾਂ ਦੀ ਚੋਣ ਕੋਈ ਨਿੱਜੀ ਉਪਲੱਬਧੀ ਨਹੀਂ ਸਗੋਂ ਇਹ ਭਾਰਤ ਦੇ ਹਰੇਕ ਗ਼ਰੀਬ ਵਿਅਕਤੀ ਦੀ ਹੈ ਜੋ ਇਹ ਸਾਬਤ ਕਰਦੀ ਹੈ ਕਿ ਉਹ ਨਾ ਸਿਰਫ਼ ਸੁਫ਼ਨਾ ਵੇਖ ਸਕਦਾ ਹੈ ਬਲਕਿ ਇਸ ਨੂੰ ਪੂਰਾ ਵੀ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦਾ ਦੱਬਿਆ-ਕੁਚਲਿਆ, ਗਰੀਬ, ਦਲਿਤ ਤੇ ਕਬਾਇਲੀ ਵਰਗ, ਉਨ੍ਹਾਂ ਵਿਚ ਆਪਣਾ ਪਰਛਾਵਾਂ ਵੇਖ ਸਕਦਾ ਹੈ। ਉਨ੍ਹਾਂ ਭਾਰਤ ਦੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਮੁਰਮੂ ਨੇ ਕਿਹਾ ਕਿ ਉਹ ਆਜ਼ਾਦ ਭਾਰਤ ਵਿੱਚ ਪੈਦਾ ਹੋਣ ਵਾਲੀ ਪਹਿਲੀ ਰਾਸ਼ਟਰਪਤੀ ਹੈ ਤੇ ਇਹ ਉਨ੍ਹਾਂ ਦੇ ਚੰਗੇ ਭਾਗ ਹਨ ਕਿ ਉਨ੍ਹਾਂ ਅਜਿਹੇ ਮੌਕੇ ਇਹ ਅਹੁਦਾ ਸੰਭਾਲਿਆ ਹੈ ਜਦੋਂ ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ‘ਇਹ ਭਾਰਤੀ ਜਮਹੂਰੀਅਤ ਦੀ ਤਾਕਤ ਹੈ ਕਿ ਗਰੀਬ ਆਦਿਵਾਸੀ ਪਰਿਵਾਰ ’ਚ ਜਨਮੀ ਲੜਕੀ ਸਿਖਰਲੇ ਸੰਵਿਧਾਨਕ ਅਹੁਦੇ ’ਤੇ ਪਹੁੰਚ ਸਕਦੀ ਹੈ।’ ਉਨ੍ਹਾਂ ਵਾਰਡ ਕੌਂਸਲਰ ਤੋਂ ਰਾਸ਼ਟਰਪਤੀ ਬਣਨ ਤੱਕ ਦੇ ਸਫ਼ਰ ਦਾ ਵੀ ਜ਼ਿਕਰ ਕੀਤਾ। ਮੁਰਮੂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਹਿੰਦੀ ’ਚ ਕਰਦਿਆਂ ਆਦਿਵਾਸੀ ਰਵਾਇਤ ਮੁਤਾਬਕ ਸਾਰਿਆਂ ਨੂੰ ‘ਜੋਹਾਰ’ ਆਖਿਆ। ਕਰੀਬ 18 ਮਿੰਟ ਦੇ ਭਾਸ਼ਣ ’ਚ ਉਨ੍ਹਾਂ ਗਰੀਬਾਂ, ਆਦਿਵਾਸੀ ਭਾਈਚਾਰਿਆਂ, ਸਥਾਈ ਵਿਕਾਸ, ਡਿਜੀਟਲ ਇੰਡੀਆ, ਵੋਕਲ ਫਾਰ ਲੋਕਲ ਮੁਹਿੰਮ ਅਤੇ ਕੋਵਿਡ ਮਹਾਮਾਰੀ ਨਾਲ ਸਿੱਝਣ ਜਿਹੇ ਵਿਸ਼ਿਆਂ ਨੂੰ ਵੀ ਛੋਹਿਆ। ਸੰਥਾਲ ਪਰਿਵਾਰ ’ਚ ਜਨਮੀ ਨਵੀਂ ਰਾਸ਼ਟਰਪਤੀ ਨੇ ਕਿਹਾ,‘‘ਮੈਂ ਛੋਟੇ ਜਿਹੇ ਆਦਿਵਾਸੀ ਪਿੰਡ ’ਚ ਪਲੀ ਜਿਥੇ ਪ੍ਰਾਇਮਰੀ ਸਿੱਖਿਆ ਹਾਸਲ ਕਰਨਾ ਇਕ ਸੁਫ਼ਨੇ ਵਾਂਗ ਸੀ ਪਰ ਮੈਂ ਪਿੰਡ ਦੀ ਪਹਿਲੀ ਲੜਕੀ ਸੀ ਜਿਸ ਨੇ ਕਾਲਜ ’ਚ ਦਾਖ਼ਲਾ ਲਿਆ ਸੀ। ਸੰਥਾਲ, ਪਾਇਕਾ, ਕੋਲ ਅਤੇ ਭੀਲ ਇਨਕਲਾਬਾਂ ਨੇ ਆਜ਼ਾਦੀ ਸੰਘਰਸ਼ ’ਚ ਆਦਿਵਾਸੀਆਂ ਦੇ ਯੋਗਦਾਨ ਨੂੰ ਮਜ਼ਬੂਤ ਕੀਤਾ।’’ ਉਨ੍ਹਾਂ ਕਿਹਾ ਕਿ ਉਹ ਅਜਿਹੀ ਆਦਿਵਾਸੀ ਰਵਾਇਤ ’ਚ ਜਨਮੀ ਹੈ ਜੋ ਹਜ਼ਾਰਾਂ ਸਾਲ ਤੋਂ ਕੁਦਰਤ ਨਾਲ ਰਲ ਕੇ ਰਹਿ ਰਹੇ ਹਨ। ‘ਮੇਰੇ ਜੀਵਨ ’ਚ ਜੰਗਲਾਂ ਅਤੇ ਜਲ ਸਾਧਨਾਂ ਦੀ ਵਧੇਰੇ ਅਹਿਮੀਅਤ ਹੈ। ਅਸੀਂ ਕੁਦਰਤ ਤੋਂ ਲੋੜੀਂਦੇ ਸਰੋਤ ਲੈਂਦੇ ਹਾਂ ਅਤੇ ਕੁਦਰਤ ਦੀ ਉਸੇ ਉਤਸ਼ਾਹ ਨਾਲ ਸੇਵਾ ਵੀ ਕਰਦੇ ਹਾਂ। ਇਹ ਸੰਵੇਦਨਸ਼ੀਲਤਾ ਅੱਜ ਪੂਰੀ ਦੁਨੀਆ ’ਚ ਦਿਖਾਈ ਦੇ ਰਹੀ ਹੈ।’ ਇਸ ਤੋਂ ਪਹਿਲਾਂ ਅਹੁਦੇ ਤੋਂ ਲਾਂਭੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਮੁਰਮੂ ਇਕੱਠਿਆਂ ਹੀ ਰਾਸ਼ਟਰਪਤੀ ਭਵਨ ਤੋਂ ਸੰਸਦ ਭਵਨ ਪਹੁੰਚੇ ਸਨ। ਨਵੇਂ ਰਾਸ਼ਟਰਪਤੀ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਸੰਖੇਪ ਸਮਾਗਮ ਮਗਰੋਂ ਮੁਰਮੂ ਅਤੇ ਕੋਵਿੰਦ ਸੰਸਦ ਦੇ ਗੇਟ ਨੰਬਰ 5 ’ਤੇ ਪਹੁੰਚੇ ਜਿਥੇ ਰਾਸ਼ਟਰਪਤੀ ਦੇ ਅੰਗ ਰੱਖਿਅਕਾਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। -ਪੀਟੀਆਈ
ਚੀਨੀ ਰਾਸ਼ਟਰਪਤੀ ਨੇ ਮੁਰਮੂ ਨੂੰ ਦਿੱਤੀ ਵਧਾਈ
ਪੇਈਚਿੰਗ: ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਭਾਰਤੀ ਹਮਰੁਤਬਾ ਦਰੋਪਦੀ ਮੁਰਮੂ ਵੱਲੋਂ ਅਹੁਦਾ ਸੰਭਾਲੇ ਜਾਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਜਿਨਪਿੰਗ ਨੇ ਕਿਹਾ ਕਿ ਉਹ ਦੋਵੇਂ ਮੁਲਕਾਂ ਵਿਚਕਾਰ ਆਪਸੀ ਸਿਆਸੀ ਵਿਸ਼ਵਾਸ ਵਧਾਉਣ ਅਤੇ ਮੱਤਭੇਦਾਂ ਨੂੰ ਦੂਰ ਕਰਨ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਉਨ੍ਹਾਂ ਆਪਣੇ ਵਧਾਈ ਸੁਨੇਹੇ ’ਚ ਕਿਹਾ ਕਿ ਚੀਨ ਅਤੇ ਭਾਰਤ ਇਕ-ਦੂਜੇ ਦੇ ਅਹਿਮ ਗੁਆਂਢੀ ਹਨ ਅਤੇ ਚੀਨ-ਭਾਰਤ ਵਿਚਾਲੇ ਮਜ਼ਬੂਤ ਸਬੰਧ ਦੋਵੇਂ ਮੁਲਕਾਂ ਦੇ ਬੁਨਿਆਦੀ ਹਿੱਤਾਂ ਦੇ ਨਾਲ ਨਾਲ ਖ਼ਿੱਤੇ ਅਤੇ ਪੂਰੀ ਦੁਨੀਆ ’ਚ ਸ਼ਾਂਤੀ, ਸਥਿਰਤਾ ਅਤੇ ਵਿਕਾਸ ਲਈ ਜ਼ਰੂਰੀ ਹਨ। ਚੀਨ ਦੀ ਸਰਕਾਰੀ ਖ਼ਬਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ ਜਿਨਪਿੰਗ ਨੇ ਕਿਹਾ ਕਿ ਉਹ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਮੁਰਮੂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮੁਰਮੂ ਨੂੰ ਵਧਾਈ ਦਿੰਦਿਆਂ ਆਸ ਜਤਾਈ ਹੈ ਕਿ ਉਹ ਦੋਵੇਂ ਮੁਲਕਾਂ ਵਿਚਕਾਰ ਦੁਵੱਲੇ ਸਹਿਯੋਗ ਨੂੰ ਹੋਰ ਉਤਸ਼ਾਹਿਤ ਕਰਨਗੇ। ਸ੍ਰੀਲੰਕਾ ਦੇ ਨਵੇਂ ਬਣੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਕਿਹਾ ਕਿ ਸਭ ਤੋਂ ਵੱਡੀ ਜਮਹੂਰੀਅਤ ਵੱਲੋਂ ਸਿਖਰਲੇ ਅਹੁਦੇ ’ਤੇ ਤੁਹਾਡੀ ਤਾਇਨਾਤੀ ਇਸ ਗੱਲ ਦੀ ਗਵਾਹੀ ਹੈ ਕਿ ਲੋਕਾਂ ਅਤੇ ਸਿਆਸੀ ਆਗੂਆਂ ਨੇ ਤੁਹਾਡੇ ’ਤੇ ਭਰੋਸਾ ਜਤਾਇਆ ਹੈ। ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੇ ਵੀ ਮੁਰਮੂ ਨੂੰ ਇਤਿਹਾਸਕ ਜਿੱਤ ’ਤੇ ਵਧਾਈ ਦਿੱਤੀ ਹੈ। ਨੇਪਾਲ ਦੀ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਅਤੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਨੇ ਵੀ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਨ ’ਤੇ ਵਧਾਈ ਦਿੱਤੀ ਹੈ। -ਪੀਟੀਆਈ
ਮੁਰਮੂ ਦੇ ਸਹੁੰ ਚੁੱਕ ਸਮਾਗਮ ’ਚ ਖੜਗੇ ਦਾ ਨਿਰਾਦਰ ਕੀਤਾ ਗਿਆ: ਵਿਰੋਧੀ ਧਿਰ
ਨਵੀਂ ਦਿੱਲੀ: ਵਿਰੋਧੀ ਧਿਰ ਦੇ ਕਈ ਆਗੂਆਂ ਨੇ ਅੱਜ ਰਾਜ ਸਭਾ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਕਿ ਉਪਰਲੇ ਸਦਨ ਵਿਚ ਉਨ੍ਹਾਂ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਅਹੁਦੇ ਮੁਤਾਬਕ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ’ਚ ਸੀਟ ਨਹੀਂ ਦਿੱਤੀ ਗਈ। ਪੱਤਰ ਲਿਖਣ ਵਾਲਿਆਂ ’ਚ ਕਾਂਗਰਸ, ਐੱਨਸੀਪੀ, ਟੀਐਮਸੀ, ਸ਼ਿਵ ਸੈਨਾ, ਸੀਪੀਆਈ, ਸੀਪੀਐਮ ਤੇ ਆਰਜੇਡੀ ਦੇ ਆਗੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਖੜਗੇ ਦਾ ਨਿਰਾਦਰ ਕੀਤਾ ਗਿਆ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਇਹ ਪੱਤਰ ਟਵਿੱਟਰ ਉਤੇ ਪੋਸਟ ਕੀਤਾ ਹੈ। ਜਦਕਿ ਸਰਕਾਰ ਨੇ ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕੇਂਦਰ ਸਰਕਾਰ ਨੇ ਜਵਾਬ ਦਿੰਦਿਆਂ ਕਿਹਾ ਕਿ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੂੰ ਅਗਲੀ ਕਤਾਰ ਵਿਚ ਕੈਬਨਿਟ ਮੰਤਰੀਆਂ ਦੇ ਨਾਲ ਸੀਟ ਦਿੱਤੀ ਗਈ ਸੀ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਦੌਰਾਨ ਕਿਸੇ ਵੀ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ ਗਈ। ਜੋਸ਼ੀ ਨੇ ਕਿਹਾ ਕਿ ਖੜਗੇ ਸੀਨੀਅਰ ਆਗੂ ਹਨ ਤੇ ਇਸ ਦਾ ਪੂਰਾ ਖ਼ਿਆਲ ਰੱਖਿਆ ਗਿਆ ਸੀ। ਜਦ ਉਨ੍ਹਾਂ ਸੀਟ ਕੋਨੇ ਵਿਚ ਹੋਣ ’ਤੇ ਇਤਰਾਜ਼ ਕੀਤਾ ਤਾਂ ਸਟਾਫ਼ ਨੇ ਉਨ੍ਹਾਂ ਨੂੰ ਕੇਂਦਰ ਵਿਚ ਬੈਠਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਜੋਸ਼ੀ ਨੇ ਨਾਲ ਹੀ ਕਿਹਾ ਕਿ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਵਿਦਾਇਗੀ ਸਮਾਗਮ ਮੌਕੇ ਖੜਗੇ ਨੂੰ ਪ੍ਰਧਾਨ ਮੰਤਰੀ ਦੇ ਨਾਲ ਸੀਟ ਦਿੱਤੀ ਗਈ ਸੀ ਪਰ ਉਹ ਸਮਾਗਮ ਵਿਚ ਨਹੀਂ ਆਏ। ਉਨ੍ਹਾਂ ਕਿਹਾ ਕਿ ਇਹ ਵੀ ਇਕ ਤਰ੍ਹਾਂ ਨਾਲ ਰਾਸ਼ਟਰਪਤੀ ਦਾ ਅਪਮਾਨ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਬਿਨਾਂ ਕਿਸੇ ਗੱਲ ਤੋਂ ਮੁੱਦਾ ਬਣਾ ਰਹੀ ਹੈ। -ਪੀਟੀਆਈ
ਮੋਦੀ ਸਮੇਤ ਹੋਰ ਆਗੂਆਂ ਨੇ ਦਰੋਪਦੀ ਮੁਰਮੂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਨਵੀਂ ਦਿੱਲੀ: ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਾਰਟੀ ਲਾਈਨ ਤੋਂ ਹਟ ਕੇ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਵਜੋਂ ਹਲਫ਼ ਲੈਣ ’ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਭਾਰਤ ਲਈ ਖਾਸ ਕਰਕੇ ਗਰੀਬਾਂ, ਹਾਸ਼ੀਏ ’ਤੇ ਧੱਕੇ ਲੋਕਾਂ ਅਤੇ ਦਲਿਤਾਂ ਲਈ ਇਕ ‘ਇਤਿਹਾਸਕ ਪਲ’ ਦੱਸਿਆ ਹੈ। ਮੁਰਮੂ ਨੂੰ ਵਧਾਈ ਦਿੰਦਿਆਂ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ ਸਿਖਰਲੇ ਅਹੁਦੇ ’ਤੇ ਉਨ੍ਹਾਂ ਦੀ ਚੋਣ ਭਾਰਤੀ ਲੋਕਤੰਤਰ ਦੀ ਤਾਕਤ ਦੀ ਗਵਾਹੀ ਹੈ। ਨਾਇਡੂ ਨੇ ਕਿਹਾ,‘‘ਭਾਰਤ ਦੇ ਪਹਿਲੇ ਨਾਗਰਿਕ ਵਜੋਂ ਉਨ੍ਹਾਂ ਦੇ ਸਫ਼ਲ ਕਾਰਜਕਾਲ ਲਈ ਮੇਰੀਆਂ ਸ਼ੁਭ ਕਾਮਨਾਵਾਂ।’’ ਮੁਰਮੂ ਦੇ ਸਫ਼ਲ ਕਾਰਜਕਾਲ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਉਹ ਹਲਫ਼ ਲੈ ਰਹੇ ਸਨ ਤਾਂ ਪੂਰਾ ਮੁਲਕ ਮਾਣ ਨਾਲ ਦੇਖ ਰਿਹਾ ਸੀ। ਉਨ੍ਹਾਂ ਕਿਹਾ ਕਿ ਹਲਫ਼ ਲੈਣ ਤੋਂ ਬਾਅਦ ਆਪਣੇ ਸੰਬੋਧਨ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਸ ਅਤੇ ਦਿਆਲਤਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਭਾਰਤ ਦੀਆਂ ਉਪਲੱਬਧੀਆਂ ’ਤੇ ਜ਼ੋਰ ਦਿੱਤਾ ਅਤੇ ਅਜਿਹੇ ਸਮੇਂ ’ਚ ਅੱਗੇ ਦੇ ਰਾਹ ਦਾ ਨਜ਼ਰੀਆ ਪੇਸ਼ ਕੀਤਾ ਜਦੋਂ ਭਾਰਤ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਕਿਹਾ ਕਿ ‘ਜਨਤਾ ਦੇ ਰਾਸ਼ਟਰਪਤੀ’ ਵਜੋਂ ਮੁਰਮੂ ਨੇ ਨਵੇਂ ਭਾਰਤ ਦੀ ਭਾਵਨਾ ਨੂੰ ਵੀ ਸਮਝਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਮੀਦ ਜਤਾਈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ ਨਵੀਆਂ ਬੁਲੰਦੀਆਂ ਤੈਅ ਕਰੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਭਾਰਤੀ ਗਣਰਾਜ ਦੇ ਇਤਿਹਾਸ ਦਾ ਖਾਸ ਦਿਨ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਮੁਰਮੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਨਾਲ ਦੇਸ਼ ਨੂੰ ਲਾਭ ਹੋਵੇਗਾ। ਕਾਂਗਰਸ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਉੜੀਸਾ ਦੇ ਇਕ ਆਦਿਵਾਸੀ ਪਰਿਵਾਰ ’ਚ ਜਨਮੀ ਮਹਿਲਾ ਨੂੰ ਰਾਸ਼ਟਰਪਤੀ ਦੇ ਅਹੁਦੇ ’ਤੇ ਪਹੁੰਚਦੇ ਦੇਖਣਾ ਦੇਸ਼ ਦੇ ਇਤਿਹਾਸ ’ਚ ਮਾਣ ਦਾ ਪਲ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਆਸ ਜਤਾਈ ਕਿ ਮੁਰਮੂ ਲੋਕਤੰਤਰ, ਸੰਵਿਧਾਨ ਅਤੇ ਕਾਨੂੰਨ ਦੀ ਰੱਖਿਆ ਲਈ ਵਚਨਬੱਧ ਰਹਿਣਗੇ।
ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹੋਰ ਆਗੂਆਂ ਨੇ ਵੀ ਮੁਰਮੂ ਨੂੰ ਰਾਸ਼ਟਰਪਤੀ ਬਣਨ ’ਤੇ ਵਧਾਈ ਦਿੱਤੀ ਹੈ। -ਪੀਟੀਆਈ