ਨਵੀਂ ਦਿੱਲੀ, 23 ਜੂਨ
ਰਾਸ਼ਟਰਪਤੀ ਦੇ ਅਹੁਦੇ ਲਈ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਅੱਜ ਆਪਣੇ ਪਿੱਤਰੀ ਸੂਬੇ ਉੜੀਸਾ ਤੋਂ ਦਿੱਲੀ ਪਹੁੰਚੀ ਅਤੇ ਭਲਕੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਝਾਰਖੰਡ ਦੀ ਸਾਬਕਾ ਰਾਜਪਾਲ ਮੁਰਮੂ (64) ਭਲਕੇ ਪ੍ਰਧਾਨ ਮੰਤਰੀ ਮੋਦੀ ਸਮੇਤ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ’ਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰੇਗੀ। ਇਸ ਦੌਰਾਨ ਉੜੀਸਾ ਦੀ ਹਾਕਮ ਧਿਰ ਬੀਜੂ ਜਨਤਾ ਦਲ (ਬੀਜੇਡੀ) ਦੇ ਨੁਮਾਇੰਦੇ ਵਜੋਂ ਰਾਜ ਸਰਕਾਰ ਦੇ ਦੋ ਸੀਨੀਅਰ ਮੰਤਰੀ ਵੀ ਹਾਜ਼ਰ ਰਹਿਣਗੇ। ਬੀਜੇਡੀ ਨੇ ਮੁਰਮੂ ਨੂੰ ਉਮੀਦਵਾਰ ਬਣਾਏ ਜਾਣ ਦੀ ਹਮਾਇਤ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਮੁਰਮੂ ਦੇ ਨਾਮਜ਼ਦਗੀ ਪੱਤਰ ’ਚ ਪਹਿਲੇ ਤਜਵੀਜ਼ਕਰਤਾ ਹੋਣਗੇ। ਭਾਜਪਾ ਪ੍ਰਧਾਨ ਜੇਪੀ ਨੱਢਾ ਸਮੇਤ ਪਾਰਟੀ ਦੇ ਹੋਰ ਕਈ ਆਗੂ ਵੀ ਤਜਵੀਜ਼ਕਰਤਾਵਾਂ ’ਚ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਮੁਰਮੂ ਨੂੰ ਉਮੀਦਵਾਰ ਬਣਾਏ ਜਾਣ ਦੀ ਦੇਸ਼ ਭਰ ਤੇ ਸਮਾਜ ਦੇ ਸਾਰੇ ਵਰਗਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਟਵਿੱਟਰ ’ਤੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਮੋਦੀ ਨੇ ਕਿਹਾ, ‘ਦਰੋਪਦੀ ਮੁਰਮੂ ਜੀ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਦੇ ਅਹੁਦੇ ਲਈ ਉਨ੍ਹਾਂ ਨੂੰ ਉਮੀਦਵਾਰ ਐਲਾਨੇ ਜਾਣ ਦੀ ਦੇਸ਼ ਭਰ ’ਚੋਂ ਤੇ ਸਮਾਜ ਦੇ ਸਾਰੇ ਵਰਗ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਜ਼ਮੀਨੀ ਸਮੱਸਿਆਵਾਂ ਪ੍ਰਤੀ ਉਨ੍ਹਾਂ ਦੀ ਸਮਝ ਤੇ ਭਾਰਤ ਦੇ ਵਿਕਾਸ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਬਹੁਤ ਉੱਚਾ ਹੈ।’ ਇਸ ਤੋਂ ਬਾਅਦ ਮੁਰਮੂ ਨੇ ਸ਼ਾਹ ਨਾਲ ਮੁਲਾਕਾਤ ਕੀਤੀ। ਸ਼ਾਹ ਨੇ ਟਵੀਟ ਕੀਤਾ, ‘ਐਨਡੀਏ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦਰੋਪਦੀ ਮੁਰਮੂ ਜੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਦੇ ਨਾਂ ਦਾ ਐਲਾਨ ਹੋਣ ਨਾਲ ਕਬਾਇਲੀ ਸਮਾਜ ਮਾਣ ਮਹਿਸੂਸ ਕਰ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨਿਕ ਤੇ ਜਨਤਕ ਤਜਰਬੇ ਦਾ ਲਾਭ ਸਾਰੇ ਦੇਸ਼ ਨੂੰ ਹੋਵੇਗਾ।’ ਮੁਰਮੂ ਨੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨਾਲ ਵੀ ਮੁਲਾਕਾਤ ਕੀਤੀ। -ਪੀਟੀਆਈ
ਮੋਦੀ ਵੱਲੋਂ ‘ਵਣਜ ਭਵਨ’ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਰਾਮਦਕਾਰਾਂ ਤੇ ਉਦਯੋਗਾਂ ਨੂੰ ਆਪਣੇ ਲਈ ਲੰਬੇ ਸਮੇਂ ਵਾਸਤੇ ਬਰਾਮਦ ਦੇ ਟੀਚੇ ਮਿੱਥਣ ਅਤੇ ਇਨ੍ਹਾਂ ਨੂੰ ਹਾਸਲ ਕਰਨ ਲਈ ਸਰਕਾਰ ਨੂੰ ਸੁਝਾਅ ਜ਼ਰੂਰ ਦੇਣ ਲਈ ਕਿਹਾ। ਵਣਜ ਤੇ ਉਦਯੋਗ ਮੰਤਰਾਲੇ ਦੇ ਨਵੇਂ ਕੰਪਲੈਕਸ ‘ਵਣਜ ਭਵਨ’ ਦਾ ਉਦਘਾਟਨ ਕਰਨ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਬਰਾਮਦ ਕਿਸੇ ਦੇਸ਼ ਨੂੰ ਵਿਕਾਸਸ਼ੀਲ ਤੋਂ ਵਿਕਸਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਵਿੱਤੀ ਵਰ੍ਹੇ ਦੌਰਾਨ ਵਿਸ਼ਵ ਪੱਧਰ ’ਤੇ ਵੱਖ-ਵੱਖ ਅੜਿੱਕਿਆਂ ਦੇ ਬਾਵਜੂਦ ਦੇਸ਼ ਤੋਂ ਬਰਾਮਦ (ਵਸਤਾਂ ਤੇ ਸੇਵਾਵਾਂ) 670 ਅਰਬ ਡਾਲਰ (50 ਲੱਖ ਕਰੋੜ ਰੁਪਏ) ਰਹੀ। ਉਨ੍ਹਾਂ ਇਕ ਨਵੇਂ ਪੋਰਟਲ ‘ਨਿਰਯਾਤ’ ਦਾ ਸ਼ੁਭ ਆਰੰਭ ਵੀ ਕੀਤਾ। -ਪੀਟੀਆਈ