ਨਵੀਂ ਦਿੱਲੀ: ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੱਲੋਂ ਅੱਜ ਆਪਣੇ ਰੂਸੀ ਹਮਰੁਤਬਾ ਜਨਰਲ ਨਿਕੋਲਾਈ ਪੇਤਰੂਸ਼ੇਵ ਨਾਲ ਤਾਲਿਬਾਨ ਸ਼ਾਸਿਤ ਅਫ਼ਗਾਨਿਸਤਾਨ ਕਾਰਨ ਪੈਦਾ ਹੋਣ ਵਾਲੇ ਕਿਸੇ ਵੀ ਸੰਭਾਵੀ ਸੁਰੱਖਿਆ ਖਤਰੇ ਦਾ ਮੁਕਾਬਲਾ ਕਰਨ ਬਾਰੇ ਗੱਲਬਾਤ ਕੀਤੀ ਗਈ। ਜ਼ਿਕਰਯੋਗ ਹੈ ਕਿ ਡੋਵਾਲ ਨੇ ਇਕ ਦਿਨ ਪਹਿਲਾਂ ਹੀ ਅਮਰੀਕੀ ਖੁਫ਼ੀਆ ਏਜੰਸੀ ਸੀਆਈਏ ਦੇ ਮੁਖੀ ਵਿਲੀਅਮ ਬਰਨਸ ਨਾਲ ਵੀ ਇਸੇ ਤਰ੍ਹਾਂ ਦੀ ਗੱਲਬਾਤ ਕੀਤੀ ਸੀ।ਸਮਝਿਆ ਜਾਂਦਾ ਹੈ ਕਿ ਬਰਨਸ, ਪੇਤਰੂਸ਼ੇਵ ਤੇ ਬਰਤਾਨਵੀ ਖੁਫ਼ੀਆ ਏਜੰਸੀ ਐੱਮਆਈ6 ਦੇ ਮੁਖੀ ਰਿਚਰਡ ਮੂਰ ਸਣੇ ਕਈ ਪ੍ਰਮੁੱਖ ਖੁਫ਼ੀਆ ਤੇ ਸੁਰੱਖਿਆ ਅਧਿਕਾਰੀਆਂ ਨੇ ਪਿਛਲੇ ਕੁਝ ਦਿਨਾਂ ਵਿਚ ਭਾਰਤ ਦੀ ਯਾਤਰਾ ਕੀਤੀ ਹੈ। ਮੀਟਿੰਗ ਬਾਰੇ ਜਾਣਕਾਰੀ ਰੱਖਦੇ ਲੋਕਾਂ ਦਾ ਕਹਿਣਾ ਹੈ ਕਿ ਡੋਵਾਲ-ਪੇਤਰੂਸ਼ੇਵ ਗੱਲਬਾਤ ਵਿਚ ਤਾਲਿਬਾਨ ਦੇ ਸੱਤਾ ’ਤੇ ਕਬਜ਼ਾ ਕੀਤੇ ਜਾਣ ਮਗਰੋਂ ਭਾਰਤ, ਰੂਸ ਤੇ ਮੱਧ ਏਸ਼ਿਆਈ ਖੇਤਰ ’ਤੇ ਸੁਰੱਖਿਆ ਪ੍ਰਭਾਵਾਂ ਬਾਰੇ ਚਰਚਾ ਕੀਤੀ ਗਈ ਕਿਉਂਕਿ ਜ਼ੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਸਣੇ ਕਈ ਖ਼ਤਰਨਾਕ ਅਤਿਵਾਦੀ ਜਥੇਬੰਦੀਆਂ ਦੀ ਜੰਗ ਪ੍ਰਭਾਵਿਤ ਅਫ਼ਗਾਨਿਸਤਾਨ ਵਿਚ ਮਜ਼ਬੂਤ ਹਾਜ਼ਰੀ ਹੈ। ਵਫ਼ਦ ਪੱਧਰੀ ਗੱਲਬਾਤ ਸਬੰਧੀ ਇਕ ਰੂਸੀ ਵੇਰਵੇ ਵਿਚ ਕਿਹਾ ਗਿਆ ਹੈ ਕਿ ਦੋਹਾਂ ਦੇਸ਼ਾਂ ਦੀਆਂ ‘ਵਿਸ਼ੇਸ਼ ਸੇਵਾਵਾਂ ਤੇ ਫ਼ੌਜੀ ਸੰਸਥਾਵਾਂ’ ਵੱਲੋਂ ਸਾਂਝੇ ਕਾਰਜ ਤੇਜ਼ ਕਰਨ ’ਤੇ ਗੌਰ ਕੀਤੀ ਗਈ ਅਤੇ ਗੈਰ-ਕਾਨੂੰਨੀ ਪਰਵਾਸ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਤਿਵਾਦ ਵਿਰੋਧ ’ਤੇ ਅੱਗੇ ਗੱਲਬਾਤ ਕਰਨ ’ਤੇ ਜ਼ੋਰ ਦਿੱਤਾ ਗਿਆ। -ਪੀਟੀਆਈ