ਕਟਿਹਾਰ/ਕਿਸ਼ਨਗੰਜ, 19 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀ (ਯੂ) ਦੇ ਨਾਲ ਭਾਜਪਾ ਦੇ ਗੱਠਜੋੜ ਨੂੰ ਅਸਥਿਰ ਦੱਸਦੇ ਹੋਏ ਦੋਸ਼ ਲਾਇਆ ਕਿ ‘‘ਕਥਿਤ ਡਬਲ ਇੰਜਣ (ਸਰਕਾਰ) ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਿਹਾ ਹੈ ਜਿਸ ਨਾਲ ਰੇਲਗੱਡੀ ਦੇ ਡੱਬੇ ਖ਼ਰਾਬ ਹੋ ਰਹੇ ਹਨ। ਖੜਗੇ ਨੇ ਇਹ ਟਿੱਪਣੀ ਸੂਬੇ ਦੀ ਕਟਿਹਾਰ ਲੋਕ ਸਭਾ ਸੀਟ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਤਾਰਿਕ ਅਨਵਰ ਦੇ ਪੱਖ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੀਤੀ। ਕਾਂਗਰਸ ਪ੍ਰਧਾਨ ਨੇ ਨਿਤੀਸ਼ ਕੁਮਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਸਾਡੇ ਸਹਿਯੋਗੀ, ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਅਕਸਰ ਇਸ ਗੱਲ ’ਤੇ ਅਫ਼ਸੋਸ ਜ਼ਾਹਿਰ ਕਰਦੇ ਹਨ ਕਿ ਚਾਚਾ (ਨਿਤੀਸ਼ ਕੁਮਾਰ) ਭੱਜ ਗਏ। ਉਨ੍ਹਾਂ ਨੂੰ ਮੇਰੀ ਸਲਾਹ ਹੈ ਕਿ ਉਨ੍ਹਾਂ ਨੂੰ ਆਪਣੇ ਚਾਚਾ ਦੇ ਨਾਲ ਗੱਠਜੋੜ ਵਾਸਤੇ ਸਹਿਮਤ ਹੀ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ (ਨਿਤੀਸ਼ ਕੁਮਾਰ) ਦੀ ਕੋਈ ਵਿਚਾਰਧਾਰਾ ਜਾਂ ਸਿਧਾਂਤ ਹੀ ਨਹੀਂ ਹੈ ਅਤੇ ਉਹ ਆਪਣੀ ਸਹੂਲਤ ਮੁਤਾਬਕ ਸਹਿਯੋਗੀ ਬਦਲਦੇ ਰਹਿੰਦੇ ਹਨ।’’ ਇਸ ਤੋਂ ਪਹਿਲਾਂ ਖੜਗੇ ਨੇ ਨਾਲ ਲੱਗਦੇ ਕਿਸ਼ਨਗੰਜ ਵਿੱਚ ਇਕ ਹੋਰ ਰੈਲੀ ਨੂੰ ਸੰਬੋਧਨ ਕੀਤਾ। ਇਸ ਲੋਕ ਸਭਾ ਸੀਟ ’ਤੇ ਕਾਂਗਰਸ ਦੇ ਸੰਸਦ ਮੈਂਬਰ ਮੁਹੰਮਦ ਜਾਵੇਦ ਦਾ ਟੀਚਾ ਲਗਾਤਾਰ ਤੀਜੀ ਵਾਰ ਜਿੱਤ ਦਰਜ ਕਰ ਕੇ ਹੈਟ੍ਰਿਕ ਬਣਾਉਣ ਦਾ ਹੈ। -ਪੀਟੀਆਈ