ਅਗਰਤਾਲਾ, 27 ਸਤੰਬਰ
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਲੰਘੇ ਦਿਨੀਂ ਸਰਕਾਰੀ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਅਦਾਲਤ ਦੀ ਹੱਤਕ ਦੀ ਫਿਕਰ ਨਾ ਕਰਨ, ਕਿਸੇ ਨੂੰ ਜੇਲ੍ਹ ਭੇਜਣਾ ਸੌਖਾ ਨਹੀਂ ਹੈ ਕਿਉਂਕਿ ਉਹ ਪੁਲੀਸ ਨੂੰ ਕੰਟਰੋਲ ਕਰਦੇ ਹਨ।
ਤ੍ਰਿਪੁਰਾ ਸਿਵਲ ਸਰਵਿਸ ਆਫੀਸਰਜ਼ ਐਸੋਸੀਏਸ਼ਨ ਦੀ ਦੋ ਸਾਲਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੇਬ ਨੇ ਕਿਹਾ ਕਿ ਅਫਸਰਾਂ ਦਾ ਇੱਕ ਵਰਗ ਇਸ ਤਰ੍ਹਾਂ ਅਦਾਲਤ ਦੀ ਹੱਤਕ ਦਾ ਹਵਾਲਾ ਦਿੰਦਾ ਹੈ ਜਿਵੇਂ ਇਹ ਬਾਘ ਹੈ, ਪਰ ਅਸਲ ਵਿੱਚ ‘ਮੈਂ ਬਾਘ ਹਾਂ’। ਦੇਬ ਦੀ ਇਸ ਟਿੱਪਣੀ ਤੋਂ ਵਿਵਾਦ ਖੜ੍ਹਾ ਹੋ ਗਿਆ। ਉਨ੍ਹਾਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਸਨ ’ਚ ਜਮਹੂਰੀਅਤ ਖਤਰੇ ਹੇਠ ਹੈ।
ਰਾਬਿੰਦਰ ਭਵਨ ਵਿੱਚ ਸ਼ਨਿੱਚਰਵਾਰ ਨੂੰ ਕਰਵਾਏ ਸਮਾਗਮ ਦੌਰਾਨ ਦੇਬ ਨੇ ਕਿਹਾ ਸੀ ਕਿ ਅੱਜ-ਕੱਲ੍ਹ ਅਫ਼ਸਰਾਂ ਦਾ ਇਕ ਧੜਾ ਅਦਾਲਤ ਦੀ ਹੱਤਕ ਤੋਂ ਡਰਦਾ ਹੈ। ਉਹ ਅਦਾਲਤੀ ਹੱਤਕ ਦਾ ਹਵਾਲਾ ਦੇ ਕੇ ਫਾਈਲਾਂ ਨੂੰ ਹੱਥ ਨਹੀਂ ਪਾਉਂਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ,‘ਸਮੱਸਿਆ ਕਿੱਥੇ ਹੈੈੈ? ਅਦਾਲਤੀ ਹੱਤਕ ਕਾਰਨ ਹੁਣ ਤੱਕ ਕਿੰਨੇ ਅਫਸਰਾਂ ਨੂੰ ਜੇਲ੍ਹ ਭੇਜਿਆ ਗਿਆ? ਕਿਸੇ ਨੂੰ ਜੇਲ੍ਹ ਭੇਜਣ ਤੋਂ ਪਹਿਲਾਂ ਮੈਂ ਜੇਲ੍ਹ ਜਵਾਂਗਾ।’
ਦੇਬ ਨੇ ਕਿਹਾ,‘ਕਿਸੇ ਨੂੰ ਜੇਲ੍ਹ ਭੇਜਣਾ ਸੌਖਾ ਨਹੀਂ ਹੈ ਕਿਉਂਕਿ ਉਸ ਲਈ ਪੁਲੀਸ ਲੋੜੀਂਦੀ ਹੈ ਅਤੇ ਪੁਲੀਸ ਨੂੰ ਤਾਂ ਮੈਂ ਕੰਟਰੋਲ ਕਰਦਾ ਹਾਂ। ਪੁਲੀਸ ਅਧਿਕਾਰੀ ਅਦਾਲਤੀ ਹੱਤਕ ਦਾ ਹਵਾਲਾ ਦੇ ਕੇ ਇੰਜ ਗੱਲ ਕਰਦੇ ਹਨ ਜਿਵੇਂ ਉਹ (ਅਦਾਲਤ) ਕੋਈ ਬਾਘ ਹੋਵੇ। ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਮੈਂ ਬਾਘ ਹਾਂ।’ ਦੇਬ ਨੇ ਇਹ ਟਿੱਪਣੀਆਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤੀਆਂ। ਮੁੱਖ ਮੰਤਰੀ ਨੇ ਇਸ ਮਸਲੇ ਸਬੰਧੀ ਸਾਬਕਾ ਮੁੱਖ ਸਕੱਤਰ ਨਾਲ ਆਪਣੇ ਤਜਰਬੇ ਦਾ ਵੀ ਜ਼ਿਕਰ ਕੀਤਾ। ਦੂਜੇ ਪਾਸੇ ਵਿਰੋਧੀ ਪਾਰਟੀ ਸੀਪੀਆਈ (ਐੱਮ) ਨੇ ਕਿਹਾ ਕਿ ਮੁੱਖ ਮੰਤਰੀ ਦੇ ਬਿਆਨ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਉਹ ਨਿਆਂਪਾਲਿਕਾ ਦਾ ਸਨਮਾਨ ਨਹੀਂ ਕਰਦੇੇ। ਤ੍ਰਿਣਮੂਲ ਕਾਂਗਰਸ ਨੇ ਵੀ ਦੇਬ ਦੀ ਨਿੰਦਾ ਕੀਤੀ ਅਤੇ ਅਪੀਲ ਕੀਤੀ ਕਿ ਸੁਪਰੀਮ ਕੋਰਟ ਉਨ੍ਹਾਂ ਦੀਆਂ ਇਨ੍ਹਾਂ ਟਿੱਪਣੀਆਂ ਦਾ ਨੋਟਿਸ ਲਵੇ। -ਪੀਟੀਆਈ