ਚੇਨਈ, 4 ਜੁਲਾਈ
ਡੀਐੱਮਕੇ ਆਗੂ ਏ ਰਾਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਉਨ੍ਹਾਂ ਨੂੰ ‘ਖ਼ਦਮੁਖਤਿਆਰੀ’ ਦੇਣ ਨਾ ਕਿ ਉਨ੍ਹਾਂ ਨੂੰ ਆਜ਼ਾਦ ਮੁਲਕ ਦੀ ਮੰਗ ਰੱਖਣ ਲਈ ਮਜਬੂਰ ਕਰਨ। ਸ਼ਹਿਰੀ ਸਥਾਨਕ ਇਕਾਈਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜਾ ਨੇ ਕਿਹਾ ਕਿ ਭਾਵੇਂ ਦ੍ਰਾਵਿੜ ਲਹਿਰ ਦੇ ਬਾਨੀ ਪੇਰੀਆਰ ਸੁਤੰਤਰ ਤਾਮਿਲਨਾਡੂ ਦੀ ਵਕਾਲਤ ਕਰਦੇ ਸਨ, ਪਰ ਡੀਐੱਮਕੇ ਨੇ ਇਸ ਮੰਗ ਤੋਂ ਦੂਰੀ ਬਣਾ ਲਈ। ਪਾਰਟੀ ਨੇ ਪੇਰੀਆਰ ਦੀ ਵਿਚਾਰਧਾਰਾ ਨੂੁੰ ਪ੍ਰਵਾਨ ਕਰਨ ਦੇ ਬਾਵਜੂਦ ਏਕਤਾ ਅਤੇ ਲੋਕਤੰਤਰ ਦਾ ਪੱਖ ਪੂਰਿਆ ਤੇ ‘ਭਾਰਤ ਦੀ ਪ੍ਰਭੂਸੱਤਾ’ ਦੀ ਹਮਾਇਤ ਕੀਤੀ।
ਸ੍ਰੀ ਰਾਜਾ ਨੇ ਕਿਹਾ,‘ਮੈਂ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨੂੰ ਸਨਿਮਰ ਬੇਨਤੀ ਕਰਦਾ ਹਾਂ, ਸਾਡੇ ਮੁੱਖ ਮੰਤਰੀ ਅੰਨਾ (ਸਾਬਕਾ ਮੁੱਖ ਮੰਤਰੀ ਤੇ ਡੀਐੱਮਕੇ ਦੇ ਬਾਨੀ) ਦੇ ਰਾਹ ’ਤੇ ਚੱਲ ਰਹੇ ਹਨ, ਸਾਨੂੰ ਪੇਰੀਆਰ ਦੇ ਰਾਹ ਵੱਲ ਨਾ ਧੱਕੋ। ਸਾਨੂੰ ਵੱਖਰੇ ਮੁਲਕ ਦੀ ਮੰਗ ਰੱਖਣ ਲਈ ਮਜਬੂਰ ਨਾ ਕਰੋ, ਸਾਨੂੰ ਸੂਬਾਈ ‘ਖ਼ਦਮੁਖਤਾਰੀ’ ਦਿਓ ਤੇ ਉਸ ਸਮੇਂ ਤੱਕ ਅਸੀਂ ਟਿਕ ਕੇ ਨਹੀਂ ਬੈਠਾਂਗੇ।’ -ਪੀਟੀਆਈ
ਰਾਜਾ ਦੀ ਟਿੱਪਣੀ ਦੀ ਨਿਖੇਧੀ
ਏ. ਰਾਜਾ ਵੱਲੋਂ ਕੀਤੀ ਗਈ ਟਿੱਪਣੀ ਦੀ ਸੋਸ਼ਲ ਮੀਡੀਆ ’ਤੇ ਨਿਖੇਧੀ ਹੋ ਰਹੀ ਹੈ। ਕਈ ਲੋਕਾਂ ਨੇ ਉਨ੍ਹਾਂ ਦੇ ‘ਵੱਖਰਾ ਮੁਲਕ’ ਵਾਲੇ ਬਿਆਨ ’ਤੇ ਨਿਸ਼ਾਨਾ ਸੇਧਿਆ ਹੈ ਤਾਂ ਕੁਝ ਨੇ ਉਨ੍ਹਾਂ ਦਾ ਪੱਖ ਵੀ ਪੂਰਿਆ। ਭਾਜਪਾ ਦੇ ਕੌਮੀ ਜਨਰਲ ਸਕੱਤਰ ਸੀ ਟੀ ਰਵੀ ਨੇ ਡੀਐੱਮਕੇ ਦੇ ਆਗੂ ਦੀ ਇਸ ਟਿੱਪਣੀ ਨੂੰ ‘ਪਾਰਟੀ ਵੱਲੋਂ ਆਪਣੀ ਦ੍ਰਾਵਿੜ ਰਾਜਨੀਤੀ ਫੇਲ੍ਹ ਹੋਣਾ ਮੰਨਣਾ’ ਆਖਿਆ।ਤਾਮਿਲਨਾਡੂ ਦੀ ਭਾਜਪਾ ਇਕਾਈ ਦੇ ਉਪ ਪ੍ਰਧਾਨ ਨਾਰਾਇਣ ਤਿਰੂਪਤੀ ਨੇ ਵੀ ਰਾਜਾ ਦੀ ਟਿੱਪਣੀ ਨੂੰ ਸਪੱਸ਼ਟ ਤੌਰ ’ਤੇ ਵੰਡ ਪਾਉਣ ਵਾਲੀ ਆਖਿਆ। ਦੂਜੇ ਪਾਸੇ, ਡੀਐੱਮਕੇ ਦੇ ਬੁਲਾਰੇ ਸ੍ਰੀ ਰਵਿੰਦਰਨ ਨੇ ਕਿਹਾ ਕਿ ਸ੍ਰੀ ਰਾਜਾ ਨੇ ਇਹ ਸਾਫ਼ ਕਰ ਦਿੱਤਾ ਸੀ ਕਿ ਪਾਰਟੀ ਸ੍ਰੀ ਅੰਨਾ ਵੱਲੋਂ ਦਿਖਾਏ ਰਾਹ ’ਤੇ ਚੱਲ ਰਹੀ ਹੈ ਤੇ ਪੂਰੀ ਤਰ੍ਹਾਂ ਭਾਰਤ ਦੀ ਏਕਤਾ ਤੇ ਲੋਕਤੰਤਰ ਦੇ ਸਿਧਾਤਾਂ ਦਾ ਸਮਰਥਨ ਕਰਦੀ ਹੈ। -ਪੀਟੀਆਈ