ਕੋਲਕਾਤਾ, 16 ਮਈ
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਤ੍ਰਿਣਮੂਲ ਕਾਂਗਰਸ ਨੂੰ ਚਿਤਾਵਨੀ ਦਿੱਤੀ ਹੈ ਕਿ ਸੂਬਾ ਸਰਕਾਰ ‘ਉਨ੍ਹਾਂ ਨੂੰ ਆਪਣੀਆਂ ਸੰਵਿਧਾਨਕ ਤਾਕਤਾਂ ਦੀ ਵਰਤੋਂ ਕਰਨ ਲਈ ਮਜਬੂਰ ਨਾ ਕਰੇ।’ ਜ਼ਿਕਰਯੋਗ ਹੈ ਕਿ ਰਾਜਪਾਲ ਤੇ ਤ੍ਰਿਣਮੂਲ ਸਰਕਾਰ ਵਿਚਾਲੇ ਪਿਛਲੇ ਕਾਰਜਕਾਲ ਤੋਂ ਹੀ ਟਕਰਾਅ ਬਣਿਆ ਹੋਇਆ ਹੈ। ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ ‘ਰਾਜ ਵਿਚ ਤਬਦੀਲੀ ਦਾ ਸੱਦਾ ਦੇ ਕੇ ਉਹ ਸ਼ਾਇਦ ਆਪਣਾ ਸੰਵਿਧਾਨਕ ਅਹੁਦਾ ਭੁੱਲ ਗਏ ਹਨ। ਉਨ੍ਹਾਂ ਦੀ ਅਪੀਲ ਰੱਦ ਹੋ ਗਈ, ਇਸ ਲਈ ਬਜ਼ੁਰਗ ਵਿਅਕਤੀ ਹੁਣ ਨਿਰਾਸ਼ਾ ਵਿਚ ਅਜਿਹੀਆਂ ਗੱਲਾਂ ਕਰ ਰਿਹਾ ਹੈ।’ ਦੱਸਣਯੋਗ ਹੈ ਕਿ ਰਾਜਪਾਲ ਧਨਖੜ ਰਾਜ ਵਿਚ ਕਈ ਥਾਵਾਂ ਦਾ ਦੌਰਾ ਕਰ ਰਹੇ ਸਨ ਜਿਨ੍ਹਾਂ ਨੂੰ ਉਹ ‘ਚੋਣ ਹਿੰਸਾ ਵਾਲੇ ਇਲਾਕੇ ਦੱਸ ਰਹੇ ਸਨ।’ ਰਾਜਪਾਲ ਵੱਲੋਂ ਉੱਤਰੀ ਬੰਗਾਲ ਦੇ ਸੀਤਲਕੁਚੀ ਦੌਰੇ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਤਿੱਖੀ ਟਿੱਪਣੀ ਕੀਤੀ ਸੀ। ਬੈਨਰਜੀ ਨੇ ਕਿਹਾ ਸੀ ਕਿ ਧਨਖੜ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਦਾ ਖਿਆਲ ਰੱਖਣ ਤੇ ਚੁਣੀ ਹੋਈ ਸਰਕਾਰ ਨੂੰ ‘ਸਹਿਯੋਗ ਤੇ ਸਲਾਹ’ ਦੇਣ ਦਾ ਕੰਮ ਹੀ ਕਰਨ। ਤ੍ਰਿਣਮੂਲ ਕਾਂਗਰਸ ਦੋਸ਼ ਲਾਉਂਦੀ ਰਹੀ ਹੈ ਕਿ ਧਨਖੜ ਰਾਜਪਾਲ ਵਜੋਂ ਘੱਟ ਤੇ ਭਾਜਪਾ ਆਗੂ ਵਜੋਂ ਜ਼ਿਆਦਾ ਵਿਚਰਦੇ ਹਨ। -ਪੀਟੀਆਈ