ਨਵੀਂ ਦਿੱਲੀ, 8 ਅਕਤੂਬਰ
ਪ੍ਰਸਿੱਧ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਕਿਹਾ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਅਜਿਹੀਆਂ ਸਮੱਸਿਆਵਾਂ ਵਿੱਚ ਫਸੀ ਹੋਈ ਹੈ ਕਿ ਇਨ੍ਹਾਂ ਦਾ ਨੇੜਲੇ ਭਵਿੱਖ ਵਿੱਚ ਕੋਈ ਹੱਲ ਨਹੀਂ ਹੈ। ਇਸ ਕਾਰਨ ਲਖੀਮਪੁਰ ਖੀਰੀ ਮਸਲੇ ਵਿੱਚ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ ਦੇ ਖੜ੍ਹੇ ਹੋਣ ਦੀ ਆਸ ਲਗਾਈ ਬੈਠੇ ਲੋਕ ਨਿਰਾਸ਼ ਹੋ ਸਕਦੇ ਹਨ। ਉਨ੍ਹਾਂ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਤੱਕ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਕਿਆਸ ਲੱਗ ਰਹੇ ਸਨ। ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ, ‘ਲਖੀਮਪੁਰ ਖੀਰੀ ਘਟਨਾ ਦੇ ਆਧਾਰ ’ਤੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਅਗਵਾਈ ਵਿੱਚ ਵਿਰੋਧੀ ਧਿਰ ਦੇ ਤੇਜ਼ ਅਤੇ ਕੁਦਰਤੀ ਉਭਾਰ ਦੀ ਉਮੀਦ ਕਰਨ ਵਾਲੇ ਨਿਰਾਸ਼ ਹੋ ਸਕਦੇ ਹਨ। ਬਦਕਿਸਮਤੀ ਨਾਲ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਵਿਚਲੀਆਂ ਢਾਂਚਗਤ ਸਮੱਸਿਆਵਾਂ ਦਾ ਤੁਰੰਤ ਕੋਈ ਹੱਲ ਨਹੀਂ ਹੈ।’