ਨਵੀਂ ਦਿੱਲੀ, 17 ਅਕਤੂਬਰ
ਹਰੇਕ ਨਾਗਰਿਕ ਲਈ ਟੀਕਿਆਂ ਦੀ ਫੌਰੀ ਪਹੁੰਚ ਯਕੀਨੀ ਬਣਾਉਣ ਲਈ ਪੂਰੀ ਤਿਆਰੀ ਰੱਖਣ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਦੇ ਪ੍ਰਬੰਧ ਵਾਂਗ ਟੀਕੇ ਦੀ ਵੰਡ ਸਬੰਧੀ ਅਜਿਹੀ ਪ੍ਰਣਾਲੀ ਵਿਕਸਤ ਕਰਨ ਦਾ ਸੁਝਾਅ ਦਿੱਤਾ ਹੈ ਜਿਸ ’ਚ ਸਰਕਾਰੀ ਅਤੇ ਜਨਤਕ ਗਰੁੱਪਾਂ ਦੀ ਹਰੇਕ ਪੱਧਰ ’ਤੇ ਭਾਈਵਾਲੀ ਹੋੋਵੇ। ਕਰੋਨਾ ਮਹਾਮਾਰੀ ਦੇ ਹਾਲਾਤ, ਟੀਕਿਆਂ ਦੀ ਡਿਲੀਵਰੀ, ਵੰਡ ਅਤੇ ਪ੍ਰਸ਼ਾਸਕੀ ਤਿਆਰੀਆਂ ਬਾਰੇ ਅੱਜ ਨਜ਼ਰਸਾਨੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਰੋਜ਼ਾਨਾ ਕੇਸਾਂ ’ਚ ਆ ਰਹੀ ਗਿਰਾਵਟ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਇਸ ਬਿਮਾਰੀ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਢਿੱਲ ਪ੍ਰਤੀ ਚਿਤਾਵਨੀ ਦਿੱਤੀ ਅਤੇ ਮਹਾਮਾਰੀ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਆਉਂਦੇ ਤਿਉਹਾਰਾਂ ਦੌਰਾਨ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤੇ ਜਾਣ ਦੀ ਬੇਨਤੀ ਵੀ ਕੀਤੀ। ਬੈਠਕ ’ਚ ਸਿਹਤ ਮੰਤਰੀ ਹਰਸ਼ ਵਰਧਨ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਕਰੋਨਾਵਾਇਰਸ ਦਾ ਅਸਰਦਾਰ ਟੀਕਾ ਵਿਕਸਤ ਕਰਨ ’ਤੇ ਜਾਰੀ ਕੰਮ ਦਰਮਿਆਨ ਸਰਕਾਰ ਨੇ ਅੱਜ ਕਿਹਾ ਕਿ ਮੁਲਕ ਦੇ ਦੋ ਅਧਿਐਨਾਂ ’ਚ ਖ਼ੁਲਾਸਾ ਹੋਇਆ ਹੈ ਕਿ ਭਾਰਤ ’ਚ ਵਾਇਰਸ ਅਜੇ ਸਥਿਰ ਹੈ ਅਤੇ ਇਸ ’ਚ ਕੋਈ ਵੱਡਾ ਬਦਲਾਅ ਨਜ਼ਰ ਨਹੀਂ ਆਇਆ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਬਿਆਨ ’ਚ ਕਿਹਾ ਕਿ ਮੁਲਕ ’ਚ ਤਿੰਨ ਟੀਕੇ ਵਿਕਸਤ ਕਰਨ ਦਾ ਕੰਮ ਅਗਾਊਂ ਪੜਾਅ ’ਤੇ ਚੱਲ ਰਿਹਾ ਹੈ ਜਿਸ ’ਚੋਂ ਦੋ ਪ੍ਰੀਖਣ ਦੂਜੇ ਪੜਾਅ ਅਤੇ ਇਕ ਤੀਜੇ ਪੜਾਅ ’ਚ ਦਾਖ਼ਲ ਹੋ ਚੁੱਕੇ ਹਨ। ਪੀਐੱਮਓ ਨੇ ਬਿਆਨ ’ਚ ਕਿਹਾ ਕਿ ਕੋਵਿਡ-19 ਲਈ ਵੈਕਸੀਨ ਪ੍ਰਸ਼ਾਸਨ ਬਾਰੇ ਕੌਮੀ ਮਾਹਿਰਾਂ ਦੇ ਗਰੁੱਪ ਨੇ ਸੂਬਾ ਸਰਕਾਰਾਂ ਅਤੇ ਹੋਰ ਧਿਰਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਵੈਕਸੀਨ ਦੀ ਸਟੋਰੇਜ, ਵੰਡ ਅਤੇ ਪ੍ਰਸ਼ਾਸਨ ਦਾ ਬਲੂਪ੍ਰਿੰਟ ਤਿਆਰ ਕੀਤਾ ਹੈ। -ਪੀਟੀਆਈ
ਕਰੋਨਾ: ਸਰਗਰਮ ਕੇਸਾਂ ਦੀ ਗਿਣਤੀ 8 ਲੱਖ ਤੋਂ ਘਟੀ
ਨਵੀਂ ਦਿੱਲੀ: ਦੇਸ਼ ਵਿੱਚ ਕਰੋਨਾ ਲਾਗ ਦੇ ਸਰਗਰਮ ਕੇਸਾਂ ਦੀ ਗਿਣਤੀ 8 ਲੱਖ ਤੋਂ ਹੇਠਾਂ ਆ ਗਈ ਹੈ। ਇਸੇ ਦੌਰਾਨ ਹੁਣ ਤੱਕ 65 ਲੱਖ ਤੋਂ ਵੱਧ ਮਰੀਜ਼ ਠੀਕ ਹੋਣ ਸਦਕਾ ਕੌਮੀ ਸਿਹਤਯਾਬੀ ਦਰ 87.78 ਫ਼ੀਸਦੀ ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਲੰਘੇ 24 ਘੰਟਿਆਂ ’ਚ ਕਰੋਨਾ ਲਾਗ ਦੇ 62,212 ਨਵੇਂ ਕੇਸ ਆਉਣ ਨਾਲ ਕੇਸਾਂ ਦਾ ਕੁੱਲ ਅੰਕੜਾ 74,32,680 ਹੋ ਗਿਆ ਜਦਕਿ 837 ਸੱਜਰੀਆਂ ਮੌਤਾਂ ਨਾਲ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 1,12,998 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਪਿਛਲੇ ਡੇਢ ਮਹੀਨੇ ਦੌਰਾਨ ਪਹਿਲੀ ਵਾਰ ਕਰੋਨਾ ਲਾਗ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ 8 ਲੱਖ ਤੋਂ ਹੇਠਾਂ ਆ ਗਈ ਹੈ ਤੇ ਲਗਾਤਾਰ 9ਵੇਂ ਦਿਨ ਪਾਜ਼ੇਟਿਵ ਕੇਸ 9 ਲੱਖ ਤੋਂ ਹੇਠਾਂ ਰਹੇ। ਦੇਸ਼ ’ਚ ਹੁਣ ਤੱਕ 7,95,087 ਸਰਗਰਮ ਕੇਸ ਹਨ। -ਪੀਟੀਆਈ
ਪੰਜਾਬ ਵਿੱਚ ਕਰੋਨਾ ਨੇ ਲਈ 19 ਹੋਰ ਵਿਅਕਤੀਆਂ ਦੀ ਜਾਨ
ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਵਿੱਚ ਕਰੋਨਾਵਾਇਰਸ ਦੀ ਲਾਗ ਦੇ ਸ਼ਿਕਾਰ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਵਿੱਚ ਗਿਰਾਵਟ ਜਾਰੀ ਹੈ। ਲੰਘੇ 24 ਘੰਟਿਆਂ ਦੌਰਾਨ ਸੂਬੇ ਵਿੱਚ ਇਸ ਵਾਇਰਸ ਨੇ 19 ਹੋਰ ਵਿਅਕਤੀਆਂ ਦੀ ਜਾਨ ਲਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ 25897 ਨਮੂਨੇ ਲਏ ਸਨ ਇਨ੍ਹਾਂ ਵਿੱਚੋਂ 427 ਹੋਰ ਵਿਅਕਤੀਆਂ ਨੂੰ ਲਾਗ ਲੱਗਣ ਦੀ ਪੁਸ਼ਟੀ ਹੋਈ ਹੈ। ਸੂਬੇ ਵਿੱਚ ਹੁਣ ਤੱਕ 1 ਲੱਖ 27 ਹਜ਼ਾਰ 154 ਵਿਅਕਤੀ ਇਸ ਵਾਇਰਸ ਦੀ ਲਪੇਟ ਵਿੱਚ ਆਏ ਹਨ। ਇਨ੍ਹਾਂ ਵਿੱਚੋਂ 3999 ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ 1 ਲੱਖ 16 ਹਜ਼ਾਰ 925 ਸਿਹਤਯਾਬ ਹੋ ਚੁੱਕੇ ਹਨ ਤੇ 6230 ਅਜੇ ਇਲਾਜ ਅਧੀਨ ਹਨ। ਬੀਤੇ ਇਕ ਦਿਨ ’ਚ 760 ਵਿਅਕਤੀ ਸਿਹਤਯਾਬ ਹੋਏ ਹਨ।