ਨਵੀਂ ਦਿੱਲੀ, 29 ਜੂਨ
ਦਿੱਲੀ ਦੀ ਇੱਕ ਅਦਾਲਤ ਨੇ ਕਾਲੀ ਕਮਾਈ ਨੂੰ ਚਿੱਟੀ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਸ਼ਮੀਰ ਦੇ ਵੱਖਵਾਦੀ ਆਗੂ ਸ਼ਬੀਰ ਸ਼ਾਹ ਨੂੰ ਅੱਜ ਪੁੱਛਿਆ ਕਿ ਕੀ ਉਸ ਨੂੰ ਦੇਸ਼ ਦੀ ਨਿਆਂ ਵਿਵਸਥਾ ਅਤੇ ਇਸ ਦੇ ਸੰਵਿਧਾਨ ’ਤੇ ਭਰੋਸਾ ਹੈ। ਵਿਸ਼ੇਸ਼ ਜੱਜ ਧਰਮੇਂਦਰ ਰਾਣਾ ਨੇ ਸ਼ਾਹ ਦੀ ਜ਼ਮਾਨਤ ਲਈ ਪਾਈ ਅਰਜ਼ੀ ’ਤੇ ਸੁਣਵਾਈ ਦੌਰਾਨ ਉਸ ਦੇ ਵਕੀਲ ਤੋਂ ਇਹ ਸਵਾਲ ਪੁੱਛੇ। ਜੱਜ ਨੇ ਵੀਡੀਓ ਕਾਨਫਰੰਸ ਰਾਹੀਂ ਹੋਈ ਸੁਣਵਾਈ ਦੌਰਾਨ ਐਡਵੋਕੇਟ ਐੱਮਐੱਸ ਖ਼ਾਨ ਨੂੰ ਪੁੱਛਿਆ, ‘‘ਆਪਣੇ ਮੁਵੱਕਿਲ ਤੋਂ ਪੁੱਛੋ ਕਿ ਕੀ ਉਸ ਨੂੰ ਭਾਰਤ ਦੀ ਨਿਆਂ ਵਿਵਸਥਾ ਅਤੇ ਸੰਵਿਧਾਨ ’ਤੇ ਭਰੋਸਾ ਹੈ।’’ ਵਕੀਲ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਸ਼ਾਹ ਨੂੰ ਇਸ ਵਿਵਸਥਾ ਅਤੇ ਕਾਨੂੰਨ ’ਤੇ ਪੂਰਾ ਭਰੋਸਾ ਹੈ। ਜੱਜ ਨੇ ਕਿਹਾ, ‘‘ਉਸ ਨੂੰ ਨਿੱਜੀ ਤੌਰ ’ਤੇ ਪੁੱਛੋ ਅਤੇ ਪਹਿਲੀ ਜੁਲਾਈ ਤੱਕ ਅਦਾਲਤ ਨੂੰ ਜਾਣਕਾਰੀ ਦਿਓ।’’ ਸ਼ਾਹ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਬੀਰ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਛੇ ਮਹੀਨਿਆਂ ਦੇ ਅੰਦਰ ਸਬੂਤ ਇਕੱਤਰ ਕਰ ਲਏ ਜਾਣਗੇ। -ਪੀਟੀਆਈ