ਨਵੀਂ ਦਿੱਲੀ, 23 ਮਈ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਅੱਜ ਕੇਂਦਰ ਨੂੰ ਕਿਹਾ ਹੈ ਕਿ ਵਿਦਿਆਰਥੀਆਂ ਦੀ ਕਰੋਨਾ ਟੀਕਾਕਰਨ ਤੋਂ ਪਹਿਲਾਂ 12ਵੀਂ ਜਮਾਤ ਦੀ ਪ੍ਰੀਖਿਆ ਕਰਵਾਉਣੀ ਵੱਡੀ ਭੁੱਲ ਹੋਵੇਗੀ। ਉਨ੍ਹਾਂ ਇਹ ਸੁਝਾਅ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਦਿਆਂ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ 12ਵੀਂ ਵਿਚ ਪੜ੍ਹਨ ਵਾਲੇ 95 ਫੀਸਦੀ ਵਿਦਿਆਰਥੀ ਸਾਢੇ ਸਤਾਰਾਂ ਸਾਲ ਦੇ ਹਨ। ਇਸ ਸਬੰਧੀ ਕੇਂਦਰ ਨੂੰ ਸਿਹਤ ਮਾਹਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ ਕੀ 18 ਸਾਲ ਉਮਰ ਵਰਗ ਨੂੰ ਲਾਏ ਜਾਣ ਵਾਲੇ ਟੀਕੇ ਇਨ੍ਹਾਂ ਵਿਦਿਆਰਥੀਆਂ ਨੂੰ ਲਾਏ ਜਾ ਸਕਦੇ ਹਨ ਕਿ ਨਹੀਂ।
ਦੂਜੇ ਪਾਸੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ 12ਵੀਂ ਜਮਾਤ ਦੀ ਪ੍ਰੀਖਿਆ ਕਰਵਾਉਣ ’ਤੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪ੍ਰੀਖਿਆ ਕਰਵਾਉਣ ਦੇ ਰਾਹ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਰੋਨਾ ਮਹਾਮਾਰੀ ਖਤਰਨਾਕ ਹੱਦ ’ਤੇ ਪੁੱਜ ਚੁੱਕੀ ਹੈ ਤੇ ਅਜਿਹੇ ਸਮੇਂ ਪ੍ਰੀਖਿਆ ਕਰਵਾਉਣਾ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਕਰਨਾ ਹੋਵੇਗਾ।-ਪੀਟੀਆਈ