ਚੇਨੱਈ, 3 ਮਈ
ਡੀਐੱਮਕੇ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਭਲਕੇ ਇਥੇ ਮੀਟਿੰਗ ਹੋਵੇਗੀ ਜਿਸ ’ਚ ਪਾਰਟੀ ਮੁਖੀ ਐੱਮ ਕੇ ਸਟਾਲਿਨ ਨੂੰ ਵਿਧਾਇਕ ਦਲ ਦੇ ਆਗੂ ਵਜੋਂ ਚੁਣੇ ਜਾਣ ਦੀ ਸੰਭਾਵਨਾ ਹੈ। ਡੀਐੱਮਕੇ ਮੁਖੀ ਦੀ ਅਗਵਾਈ ਹੇਠ ਪਾਰਟੀ ਨੇ ਅੰਨਾ ਡੀਐੱਮਕੇ ਦੇ 10 ਸਾਲ ਦੇ ਰਾਜ ਨੂੰ ਖ਼ਤਮ ਕੀਤਾ ਹੈ। ਉਹ ਹੁਣ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਤਾਮਿਲ ਨਾਡੂ ਦੇ ਸੱਤਾ ਤੋਂ ਲਾਂਭੇ ਹੋ ਰਹੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੇ ਸਟਾਲਿਨ ਨੂੰ ਟਵਿੱਟਰ ’ਤੇ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਇਸ ਦੇ ਜਵਾਬ ’ਚ ਸਟਾਲਿਨ ਨੇ ਕਿਹਾ ਕਿ ਤਾਮਿਲ ਨਾਡੂ ਨੂੰ ਹੋਰ ਵਧੀਆ ਬਣਾਉਣ ਲਈ ਅੰਨਾ ਡੀਐੱਮਕੇ ਆਗੂ ਦੀ ਸਲਾਹ ਅਤੇ ਸਹਿਯੋਗ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕਤੰਤਰ ਹੁਕਮਰਾਨ ਅਤੇ ਵਿਰੋਧੀ ਧਿਰਾਂ ਦੇ ਇਕੱਠਿਆਂ ਚੱਲਣ ਨਾਲ ਹੀ ਮਜ਼ਬੂਤ ਹੁੰਦਾ ਹੈ ਅਤੇ ਸਾਰਿਆਂ ਨੂੰ ਰਲ ਕੇ ਲੋਕਤੰਤਰ ਦੀ ਸਾਖ ਬਹਾਲ ਰੱਖਣ ਲਈ ਕੰਮ ਕਰਨਾ ਚਾਹੀਦਾ ਹੈ।
ਚੋਣ ਕਮਿਸ਼ਨ ਮੁਤਾਬਕ ਤਾਮਿਲ ਨਾਡੂ ਦੀਆਂ 234 ਸੀਟਾਂ ’ਚੋਂ ਡੀਐੱਮਕੇ ਨੇ 126 ’ਤੇ ਜਿੱਤ ਹਾਸਲ ਕਰ ਲਈ ਸੀ ਅਤੇ ਸੱਤ ਹੋਰ ’ਤੇ ਉਸ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਉਧਰ ਮੁੱਖ ਮੰਤਰੀ ਕੇ ਪਲਾਨੀਸਵਾਮੀ ਨੇ ਅੱਜ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਰਾਜਪਾਲ ਨੇ ਅਸਤੀਫ਼ਾ ਸਵੀਕਾਰ ਕਰਦਿਆਂ ਉਨ੍ਹਾਂ ਨੂੰ ਨਵੇਂ ਮੁੱਖ ਮੰਤਰੀ ਵੱਲੋਂ ਹਲਫ਼ ਲਏ ਜਾਣ ਤੱਕ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ ਹੈ। -ਪੀਟੀਆਈ