ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ੍ਰੀਮਤੀ ਮੁਰਮੂ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਆਪਸੀ ਸਹਿਯੋਗ ਅਤੇ ਸਦਭਾਵਨਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ ਦਾ ਮੌਕਾ ਹੈ। ਰਾਸ਼ਟਰਪਤੀ ਭਵਨ ਮੁਤਾਬਕ ਸ੍ਰੀਮਤੀ ਮੁਰਮੂ ਨੇ ਕਿਹਾ,‘‘ਦੀਵਾਲੀ ਖੁਸ਼ੀਆਂ ਅਤੇ ਜਸ਼ਨਾਂ ਦਾ ਤਿਉਹਾਰ ਹੈ। ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰਾਂ ’ਚ ਲਕਸ਼ਮੀ ਮਾਤਾ ਦੀ ਪੂਜਾ ਕਰਕੇ ਹਰ ਕਿਸੇ ਦੀ ਖੁਸ਼ਹਾਲੀ ਦੀ ਪ੍ਰਾਰਥਨਾ ਕਰਦੇ ਹਨ।’’ ਰਾਸ਼ਟਰਪਤੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਆਪਸੀ ਸਹਿਯੋਗ ਅਤੇ ਸਦਭਾਵਨਾ ਦੀ ਭਾਵਨਾ ਹੋਰ ਮਜ਼ਬੂਤ ਕਰਨ ਦਾ ਸਮਾਂ ਵੀ ਹੈ। ਉਨ੍ਹਾਂ ਦੀਵਾਲੀ ਤੋਂ ਪੂਰਬਲੀ ਸ਼ਾਮ ਆਪਣੇ ਸੁਨੇਹੇ ’ਚ ਕਿਹਾ ਕਿ ਰੌਸ਼ਨੀਆਂ ਦਾ ਤਿਉਹਾਰ ਗਿਆਨ ਦਾ ਪ੍ਰਤੀਕ ਹੈ ਜੋ ਸਾਡੇ ਅੰਦਰੂਨੀ ਅਤੇ ਬਾਹਰੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ। ਉਨ੍ਹਾਂ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਰਿਆਂ ਦੇ ਜੀਵਨ ’ਚ ਊਰਜਾ ਅਤੇ ਪ੍ਰਕਾਸ਼ ਦੀਵੇ ਦੀ ਰੌਸ਼ਨੀ ਵਾਂਗ ਫੈਲੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਨਾਂ ’ਚ ਹਾਸ਼ੀਏ ’ਤੇ ਧੱਕੇ ਲੋਕਾਂ ਦੀ ਸਹਾਇਤਾ ਕਰਨ ਦੀ ਭਾਵਨਾ ਪੈਦਾ ਹੋਵੇ ਅਤੇ ਅਸੀਂ ‘ਸ਼ੁਭ’ ਅਤੇ ‘ਲਾਭ’ ਦੀ ਰਵਾਇਤ ਨੂੰ ਕਾਇਮ ਰੱਖੀਏ। -ਪੀਟੀਆਈ
ਉਪ ਰਾਸ਼ਟਰਪਤੀ ਨੇ ਵੀ ਲੋਕਾਂ ਨੂੰ ਦਿੱਤੀ ਵਧਾਈ
ਨਵੀਂ ਦਿੱਲੀ: ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਦੀਵਾਲੀ ਦੀ ਪੂਰਬਲੀ ਸ਼ਾਮ ਲੋਕਾਂ ਨੂੰ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਦੀਵਿਆਂ ਦੀ ਰੌਸ਼ਨੀ ਦੇਸ਼ ’ਚ ਆਸ, ਖੁਸ਼ੀ, ਸਿਹਤ ਅਤੇ ਸਦਭਾਵਨਾ ਦਾ ਮਾਹੌਲ ਪੈਦਾ ਕਰੇਗੀ। ਆਪਣੇ ਦੀਵਾਲੀ ਦੇ ਸੁਨੇਹੇ ’ਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਰਾਮ ਰਾਜ ਦੀ ਸ਼ੁਰੂਆਤ ਦਾ ਵੀ ਪ੍ਰਤੀਕ ਹੈ, ਜੋ ਸਾਡੇ ਉਦਾਰ ਸ਼ਾਸਨ ਦਾ ਆਦਰਸ਼ ਹੈ। ਉਨ੍ਹਾਂ ਕਾਮਨਾ ਕੀਤੀ ਕਿ ਇਹ ਤਿਉਹਾਰ ਲੋਕਾਂ ਦੇ ਜੀਵਨ ’ਚ ਗਿਆਨ, ਪਵਿੱਤਰਤਾ, ਖੁਸ਼ਹਾਲੀ ਅਤੇ ਸ਼ਾਂਤੀ ਲੈ ਕੇ ਆਵੇ। -ਪੀਟੀਆਈ