ਪ੍ਰਭੂ ਦਿਆਲ
ਸਿਰਸਾ, 10 ਦਸੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਐੱਸਆਈਟੀ ਹਫ਼ਤੇ ’ਚ ਦੂਜੀ ਵਾਰ ਅੱਜ ਡੇਰੇ ਪੁੱਜੀ। ਟੀਮ ਨੇ ਡੇਰਾ ਪ੍ਰਬੰਧਕ ਕਮੇਟੀ ਦੇ ਵਾਈਸ ਚੇਅਰਮੈਨ ਪੀ.ਆਰ. ਨੈਨ ਤੋਂ ਸਾਢੇ ਚਾਰ ਘੰਟੇ ਪੁੱਛ-ਪੜਤਾਲ ਕੀਤੀ। ਇਸੇ ਦੌਰਾਨ ਡੇਰੇ ਦੀ ਚੇਅਰਪਰਸਨ ਵਿਪਾਸਨਾ ਇਸ ਵਾਰ ਵੀ ਟੀਮ ਅੱਗੇ ਪੇਸ਼ ਨਹੀਂ ਹੋਈ। ਟੀਮ ਨੇ ਇਸ ਮਾਮਲੇ ’ਚ ਭਗੌੜਾ ਐਲਾਨੇ ਗਏ ਸੰਦੀਪ ਬਰੇਟਾ, ਪ੍ਰਦੀਪ ਕਲੇਰ ਤੇ ਹਰਸ਼ ਧੂਰੀ ਬਾਰੇ ਵੀ ਪੁੱਛਗਿੱਛ ਕੀਤੀ। ਇਸ ਮੌਕੇ ਡੇਰਾ ਦੇ ਵਕੀਲ ਵੀ ਮੌਜੂਦ ਸਨ। ਇਹ ਟੀਮ ਸਿਰਸਾ ਦੇ ਐੱਸ.ਪੀ. ਡਾ. ਅਰਪਿਤ ਜੈਨ ਨਾਲ ਡੇਰੇ ਪਹੁੰਚੀ ਜਿਸ ਨੇ ਪੀ.ਆਰ ਨੈਨ ਤੋਂਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਅਨੇਕਾਂ ਸਵਾਲ ਪੁੱਛੇ। ਡੇਰੇ ਦੇ ਵਕੀਲ ਕੇਵਲ ਸਿੰਘ ਬਰਾੜ ਵੱਲੋਂ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਇਨਕਾਰ ਕੀਤਾ ਜਾ ਚੁੱਕਾ ਹੈ।