ਪਾਲ ਸਿੰਘ ਨੌਲੀ
ਜਲੰਧਰ, 28 ਨਵੰਬਰ
ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਨੂੰ ਦਿੱਤੀ ਜਬਰਦਸਤ ਚੁਣੌਤੀ ਨੂੰ ਇਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਪੰਜਾਬ ਦੀਆਂ ਹੱਟੀਆਂ-ਭੱਠੀਆਂ ’ਤੇ ਕਿਸਾਨੀ ਅੰਦੋਲਨ ਦੇ ਹੀ ਚਰਚੇ ਹੋ ਰਹੇ ਹਨ। ਪਿੰਡਾਂ ਵਿੱਚ ਹੋਣ ਵਾਲੇ ਖੁਸ਼ੀ-ਗ਼ਮੀ ਦੇ ਸਮਾਗਮਾਂ ’ਚ ਵੀ ਲੋਕ ਪੰਜਾਬੀਆਂ ਵੱਲੋਂ ਦਿਖਾਈ ਗਈ ਦਲੇਰੀ ਦੇ ਕਿੱਸੇ ਬੜੇ ਚਾਅ ਨਾਲ ਸੁਣਦੇ ਤੇ ਸੁਣਾਉਂਦੇ ਹਨ। ਸੋਸ਼ਲ ਮੀਡੀਏ ’ਤੇ ਆਏ ਹਾਂ-ਪੱਖੀ ਹੁੰਗਾਰੇ ਨੇ ਵੀ ਲੋਕਾਂ ਵਿਚ ਜ਼ਬਰਦਸਤ ਜੋਸ਼ ਭਰਨ ਦਾ ਕੰਮ ਕੀਤਾ ਹੈ। ਪੰਜਾਬ ਦੇ ਕਿਸਾਨੀ ਅੰਦੋਲਨ ਦੀ ਬੀਬੀਸੀ, ਅਲ-ਜਜ਼ੀਰਾ ਅਤੇ ਅਮਰੀਕਾ ਦੀਆਂ ਵੱਡੀਆਂ ਅਖ਼ਬਾਰਾਂ ਨੇ ਵਿਸ਼ੇਸ਼ ਕਵਰੇਜ ਕੀਤੀ ਹੈ। ਜ਼ਿਲ੍ਹੇ ਦੇ ਪਿੰਡ ਚਾਹੜਕੇ ਦੇ ਨੌਜਵਾਨ ਕੁਲਦੀਪ ਸਿੰਘ, ਗੁਰਮੀਤ ਸਿੰਘ ਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹਨ ਤਾਂ ਜੋ ਕਿਸਾਨਾਂ ਦਾ ਸਾਥ ਦਿੱਤਾ ਜਾ ਸਕੇ ਤੇ ਉਨ੍ਹਾਂ ਨੂੰ ਰਾਸ਼ਨ-ਪਾਣੀ ਪਹੁੰਚਾਇਆ ਜਾ ਸਕੇ। ਇਸੇ ਤਰ੍ਹਾਂ ਪਿੰਡ ਪਤਾਰਾ, ਬਢਿਆਣਾ, ਬੋਲੀਨਾ, ਤੱਲ੍ਹਣ, ਕੋਟਲੀ ਥਾਨ ਸਿੰਘ, ਉੱਚਾ ਅਤੇ ਤਲਵਣ ਪਿੰਡਾਂ ਤੋਂ ਵੀ ਕਿਸਾਨ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ। ਕੋਟਲੀ ਥਾਨ ਸਿੰਘ ਤੋਂ ਸੁਖਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਸੂਬੇ ਦੇ ਲੋਕ ਇਸ ਗੱਲੋਂ ਖੁਸ਼ ਹਨ ਕਿ ਖੇਤੀ ਕਾਨੂੰਨਾਂ ਬਾਰੇ ਫ਼ੈਸਲਾ ਜੋ ਮਰਜ਼ੀ ਹੋਵੇ ਪਰ ਪੰਜਾਬ ਦੇ ਕਿਸਾਨਾਂ ਨੇ ਜੋ ਮੋਦੀ ਸਰਕਾਰ ਦੀ ਆਕੜ ਭੰਨੀ ਹੈ, ਉਹ ਕਿਸੇ ਵੀ ਜਿੱਤ ਤੋਂ ਘੱਟ ਨਹੀਂ ਹੈ। ਕਿਸਾਨੀ ਅੰਦੋਲਨ ਨੂੰ ਕੌਮਾਂਤਰੀ ਮੀਡੀਆ ਨੇ ਵੀ ਜਿਸ ਤਰ੍ਹਾਂ ਨਾਲ ਪੇਸ਼ ਕੀਤਾ ਹੈ ਉਸ ਨੇ ਦੇਸ਼ ਦੇ ਗੋਦੀ ਮੀਡੀਆ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਚੇਅਰਮੈਨ ਭੁਪਿੰਦਰ ਸਿੰਘ ਘੁੰਮਣ ਤੇ ਵਾਈਸ ਚੇਅਰਮੈਨ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਕੌਮਾਂਤਰੀ ਪੱਧਰ ’ਤੇ ਕਿਸਾਨੀ ਅੰਦੋਲਨ ਨੇ ਭਾਜਪਾ ਲੀਡਰਸ਼ਿਪ ਦੇ ਪਸੀਨੇ ਛੁਡਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ਹੀ ਉਨ੍ਹਾਂ ਦੀ ਜਥੇਬੰਦੀ ਦੇ ਕਾਰਕੁਨ ਦਿੱਲੀ ਲਈ ਚੱਲ ਪਏ ਸਨ। ਹੁਣ ਪਿੱਛੋਂ ਵੀ ਜਥੇ ਲਗਾਤਾਰ ਦਿੱਲੀ ਪਹੁੰਚ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਦੋਆਬੇ ਦੇ ਪਿੰਡਾਂ ਵਿੱਚੋਂ ਏਨੀ ਜ਼ਬਰਦਸਤ ਹਮਾਇਤ ਮਿਲੇਗੀ, ਇਹ ਉਨ੍ਹਾਂ ਦੇ ਕਿਆਸ ਤੋਂ ਬਾਹਰ ਦੀ ਗੱਲ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਪਰਵਾਸੀ ਪੰਜਾਬੀ ਵੀ ਜਥੇਬੰਦੀ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਿਸਾਨਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹੱਲਾ ਕੇਂਦਰ ਸਰਕਾਰ ਵਿਰੁੱਧ ਬੋਲਿਆ ਗਿਆ ਹੈ।