ਕੋਲਕਾਤਾ, 17 ਜਨਵਰੀ
ਕਾਂਗਰਸ ਤੇ ਭਾਰਤੀ ਮਾਕਰਸਵਾਦੀ ਪਾਰਟੀ ਦੀ ਅਗਵਾਈ ਹੇਠਲੇ ਖੱਬੇ ਮੋਰਚੇ ਦੇ ਸੀਨੀਅਰ ਆਗੂਆਂ ਵਿਚਾਲੇ ਅੱਜ ਇੱਥੇ ਮੀਟਿੰਗ ਹੋਈ ਜਿਸ ’ਚ ਸੀਟਾਂ ਦੀ ਵੰਡ ਅਤੇ ਚੋਣਾਂ ਦੀ ਤਿਆਰੀ ਬਾਰੇ ਚਰਚਾ ਹੋਈ। ਜ਼ਿਕਰਯੋਗ ਹੈ ਕਿ 2016 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਦੋਵਾਂ ਪਾਰਟੀਆਂ ਨੇ ਗੱਠਜੋੜ ਕੀਤਾ ਸੀ ਤੇ 294 ਮੈਂਬਰੀ ਵਿਧਾਨ ਸਭਾ ’ਚ 76 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਸੂਬਾ ਕਾਂਗਰਸ ਦੇ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਮੀਟਿੰਗ ਮਗਰੋਂ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਸੀਟਾਂ ਦੀ ਵੰਡ ਬਾਰੇ ਵਾਰਤਾ ਇਸ ਮਹੀਨੇ ਦੇ ਅੰਤ ਤੱਕ ਚੱਲੇਗੀ। ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਨੇ ਕਿਹਾ, ‘ਅਸੀਂ ਇਕੱਠਿਆਂ ਮਿਲ ਕੇ ਚੋਣਾਂ ਲੜਨ ਲਈ ਸਹਿਮਤ ਹੋਏ ਹਾਂ। ਸਾਡੇ ਵਿਚਾਲੇ ਹਾਂ-ਪੱਖੀ ਚਰਚਾ ਹੋਈ ਹੈ ਅਤੇ ਕੋਈ ਅਸਹਿਮਤੀ ਨਹੀਂ ਹੈ।’ ਸ੍ਰੀ ਚੌਧਰੀ ਨਾਲ ਸਹਿਮਤੀ ਜ਼ਾਹਿਰ ਕਰਦਿਆਂ ਖੱਬੇ ਮੋਰਚੇ ਦੇ ਪ੍ਰਧਾਨ ਵਿਮਾਨ ਬੋਸ ਨੇ ਕਿਹਾ ਕਿ ਸੀਟਾਂ ਦੀ ਵੰਡ ’ਤੇ ਕਿਸੇ ਨਤੀਜੇ ਤੱਕ ਪਹੁੰਚਣ ਤੱਕ ਦੋਵਾਂ ਧਿਰਾਂ ਵਿਚਾਲੇ ਇਸੇ ਤਰ੍ਹਾਂ ਹੋਰ ਵਾਰਤਾ ਹੋਵੇਗੀ। -ਪੀਟੀਆਈ