ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 29 ਜੁਲਾਈ
ਪ੍ਰਸ਼ਾਂਤ ਕਿਸ਼ੋਰ ਨਾਲ ਮੀਟਿੰਗ ਤੋਂ ਕੁਝ ਦਿਨ ਬਾਅਦ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕਰਕੇ ਇਸ ਗੱਲ ’ਤੇ ਚਰਚਾ ਕੀਤੀ ਗਈ ਹੈ ਕਿ ਕੀ ਇਹ ਚੋਣ ਰਣਨੀਤੀਕਾਰ ਪਾਰਟੀ ਦੀ ਨੀਤੀਆਂ ਮੁਤਾਬਕ ਫਿੱਟ ਬੈਠ ਸਕਦਾ ਹੈ।
ਇਹ ਮੀਟਿੰਗ 22 ਜੁਲਾਈ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਸੀ, ਜਿਸ ਵਿੱਚ ਸ਼ਾਮਲ ਸੀਨੀਅਰ ਨੇਤਾਵਾਂ, ਜਿਵੇਂ ਕਮਲਨਾਥ, ਮਲਿਕਾਰਜੁਨ ਖੜਗੇ, ਏ.ਕੇ. ਐਂਟਨੀ, ਅਜੈ ਮਾਕਨ, ਆਨੰਦ ਸ਼ਰਮਾ, ਹਰੀਸ਼ ਰਾਵਤ, ਅੰਬਿਕਾ ਸੋਨੀ ਅਤੇ ਕੇ.ਸੀ. ਵੇਣੂਗੋਪਾਲ ਆਦਿ ਨੇ ਇਸ ਮਾਮਲੇ ’ਤੇ ਚਰਚਾ ਕੀਤੀ।
‘ਇੰਡੀਆ ਟੂਡੇ’ ਦੇ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਹਾਲ ’ਚ ਹੀ ਪ੍ਰਸ਼ਾਂਤ ਕਿਸ਼ੋਰ ਨਾਲ ਹੋਈ ਆਪਣੀ ਮੀਟਿੰਗ ਦੇ ਵੇਰਵੇ ਸੀਨੀਅਰ ਨੇਤਾਵਾਂ ਨਾਲ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਵੱਲੋਂ ਆਪਣੀ ਭੂਮਿਕਾ ਸਮੇਤ ਕਾਂਗਰਸ ਪਾਰਟੀ ਲਈ ਇੱਕ ਖਰੜਾ ਤਿਆਰ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਇੱਕ ਸੀਨੀਅਰ ਨੇਤਾ, ਜੋ ਮੀਟਿੰਗ ਵਿੱਚ ਸ਼ਾਮਲ ਸਨ, ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਬਾਹਰੋਂ ਸਿਰਫ ਇੱਕ ਸਲਾਹਕਾਰ ਦੀ ਬਜਾਏ ਪਾਰਟੀ ’ਚ ਸ਼ਾਮਲ ਕਰਨ ਦੀ ਸੰਭਾਵਨਾ ਬਾਰੇ ਗੱਲਬਾਤ ਕੀਤੀ। ਉਨ੍ਹਾਂ ਇਸ ਕਦਮ ਦੇ ਨਫ਼ੇ ਅਤੇ ਨੁਕਸਾਨ ਬਾਰੇ ਚਰਚਾ ਕਰਦਿਆਂ ਸੁਝਾਅ ਲਏ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਬਹੁਤਿਆਂ ਨੇ ਇਸ ਦੀ ਹਮਾਇਤ ਦੀ ਕੀਤੀ ਕਿ ਪ੍ਰਸ਼ਾਂਤ ਕਿਸ਼ੋਰ ਪਾਰਟੀ ਲਈ ਵਧੀਆ ਸਾਬਤ ਹੋ ਸਕਦਾ ਹੈ। ਹਾਲਾਂਕਿ ਉਸ ਦੀ ਭੂਮਿਕਾ ਨਿਰਧਾਰਿਤ ਕੀਤੇ ਜਾਣ ਦੀ ਲੋੜ ਹੈ।
ਪਾਰਟੀ ਦੇ ਇੱਕ ਹੋਰ ਨੇਤਾ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ, ‘ਇਹ ਉਹ ਸਮਾਂ ਹੈ ਜਦੋਂ ਨਵੀਆਂ ਰਣਨੀਤੀਆਂ ਅਤੇ ਵਿਚਾਰ ਅਪਣਾਏ ਜਾਣੇ ਚਾਹੀਦੇ ਹਨ। ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ’ਚ ਸ਼ਾਮਲ ਕਰਨ ਦਾ ਕੋਈ ਨੁਕਸਾਨ ਨਹੀਂ ਹੈ।’ ਕਾਂਗਰਸੀ ਨੇਤਾ ਨੇ ਕਿਹਾ, ‘ਕਾਂਗਰਸ ’ਚ ਬਹੁਤ ਜ਼ਿਆਦਾ ਹੁਨਰ ਅਤੇ ਸੰਭਾਵਨਾ ਹੈ ਅਤੇ ਸਾਨੂੰ ਸੁਧਾਰ ਵਾਸਤੇ ਬਦਲਾਅ ਲਈ ਤਿਆਰ ਰਹਿਣਾ ਚਾਹੀਦਾ ਹੈ।’ ਦੂੁਜੇ ਪਾਸੇ ਹਾਲੇ ਇਸ ਮਾਮਲੇ ’ਤੇ ਕਿਸੇ ਵੱਲੋਂ ਵੀ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਅਤੇ ਕਾਂਗਰਸੀ ਨੇਤਾਵਾਂ ਨੇ ਅਧਿਕਾਰਤ ਤੌਰ ’ਤੇ ਇਸ ਸਬੰਧੀ ਚੁੱਪ ਵੱਟੀ ਹੋਈ ਹੈ।