ਟੋਕੀਓ, 2 ਅਗਸਤ
ਭਾਰਤ ਦੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਟੋਕੀਓ ਓਲੰਪਿਕ ਵਿੱਚ ਫਾਈਨਲ ਵਿੱਚ 63.70 ਮੀਟਰ ਡਿਸਕਸ ਥਰੋਅ ਕਰ ਕੇ ਛੇਵੇਂ ਸਥਾਨ ’ਤੇ ਰਹੀ। ਸ਼ਨਿਚਰਵਾਰ ਨੂੰ ਕੁਆਲੀਫਾਈਂਗ ਗੇੜ ਵਿੱਚ ਦੂਜੇ ਸਥਾਨ ’ਤੇ ਰਹੀ ਕਮਲਪ੍ਰੀਤ ਅੱਠ ਗੇੜਾਂ ਦੇ ਫਾਈਨਲ ਵਿੱਚ ਕਦੇ ਵੀ ਤਗਮੇ ਦੀ ਦੌੜ ਵਿੱਚ ਨਹੀਂ ਰਹੀ। ਮੀਂਹ ਕਾਰਨ ਮੁਕਾਬਲੇ ਵਿੱਚ ਇਕ ਘੰਟੇ ਲਈ ਵਿਘਨ ਪਿਆ। ਕਮਲਪ੍ਰੀਤ ਨੇ ਤੀਜੇ ਗੇੜ ਵਿੱਚ 63.70 ਮੀਟਰ ਡਿਸਕਸ ਸੁੱਟਿਆ ਅਤੇ ਛੇਵੇਂ ਸਥਾਨ ’ਤੇ ਰਹੀ। ਇਸ ਤੋਂ ਪਹਿਲਾਂ 2010 ਦੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਕ੍ਰਿਸ਼ਨਾ ਪੂਨੀਆ ਵੀ ਲੰਦਨ ਓਲੰਪਿਕ 2012 ਵਿੱਚ ਛੇਵੇਂ ਸਥਾਨ ’ਤੇ ਰਹੀ ਸੀ। ਪੰਜਾਬ ਦੇ ਕਾਬਰਵਾਲਾ ਪਿੰਡ ਦੇ ਇਕ ਕਿਸਾਨ ਦੇ ਘਰ ਜੰਮੀ ਕਮਲਪ੍ਰੀਤ ਕੌਰ ਨੇ ਸ਼ਨਿਚਰਵਾਰ ਨੂੰ 64 ਮੀਟਰ ਡਿਸਕਸ ਥਰੋਅ ਕਰ ਕੇ ਤਗਮੇ ਦੀ ਉਮੀਦ ਜਗਾਈ ਸੀ। ਅਮਰੀਕਾ ਦੀ ਵਾਲਾਰੀ ਆਲਮੈਨ ਨੇ 68.98 ਮੀਟਰ ਦੀ ਥਰੋਅ ਨਾਲ ਸੋਨੇ, ਜਰਮਨੀ ਦੀ ਕ੍ਰਿਸਟੀਨ ਪੁੰਡੇਜ ਨੇ ਚਾਂਦੀ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਕਿਉਬਾ ਦੀ ਯੇਮੇ ਪੇਰੇਜ ਨੇ ਕਾਂਸੇ ਦਾ ਤਗਮਾ ਜਿੱਤਿਆ। –ਏਜੰਸੀ