ਸ੍ਰੀਨਗਰ, 5 ਜੁਲਾਈ
ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦੇ ਗੱਠਜੋੜ (ਪੀਏਜੀਡੀ) ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਦਿਨੀਂ ਜੰਮੂ ਤੇ ਕਸ਼ਮੀਰ ਨਾਲ ਸਬੰਧਤ ਮੁੱਖ ਪਾਰਟੀਆਂ ਦੇ ਆਗੂਆਂ ਦੀ ਦਿੱਲੀ ਵਿੱਚ ਸੱਦੀ ਸਰਬ ਪਾਰਟੀ ਮੀਟਿੰਗ ਦੇ ਨਤੀਜਿਆਂ ਤੋਂ ਨਿਰਾਸ਼ ਹਨ। ਆਗੂਆਂ ਨੇ ਕਿਹਾ ਕਿ 24 ਜੂਨ ਨੂੰ ਹੋਈ ਮੀਟਿੰਗ ’ਚ ਸਿਆਸੀ ਤੇ ਹੋਰਨਾਂ ਕੈਦੀਆਂ ਦੀ ਰਿਹਾਈ ਜਿਹੇ ਭਰੋਸਾ ਬਹਾਲੀ ਦੇ ਠੋਸ ਉਪਰਾਲਿਆਂ ਦੀ ਵੱਡੀ ਘਾਟ ਨਜ਼ਰ ਆਈ ਸੀ। ਗੱਠਜੋੜ ਦੇ ਤਰਜਮਾਨ ਤੇ ਸੀਪੀਆਈ (ਐੱਮ) ਦੇ ਆਗੂ ਐੱਮ.ਵਾਈ.ਤਰੀਗਾਮੀ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਆਗੂ ਤੇ ਗੱਠਜੋੜ ਦੇ ਚੇਅਰਮੈਨ ਫਾਰੂਕ ਅਬਦੁੱਲਾ ਅਗਵਾਈ ’ਚ ਐਤਵਾਰ ਨੂੰ ਮੀਟਿੰਗ ਹੋਈ ਸੀ, ਜਿਸ ਵਿੱਚ 24 ਜੂਨ ਨੂੰ ਦਿੱਲੀ ’ਚ ਹੋਈ ਉਪਰੋਕਤ ਮੀਟਿੰਗ ਬਾਰੇ ਚਰਚਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਸ਼ਾਮਲ ਸਾਰੇ ਆਗੂਆਂ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਦੌਰਾਨ ਭਰੋਸਾ ਬਹਾਲੀ ਦੇ ਉਪਰਾਲਿਆਂ ਦੀ ਵੱਡੀ ਘਾਟ ਨਜ਼ਰ ਆਈ ਤੇ ਉਹ ਮੀਟਿੰਗ ਦੇ ਨਤੀਜਿਆਂ ਤੋਂ ਨਿਰਾਸ਼ ਹਨ।
ਗੁਪਕਾਰ ਗੱਠਜੋੜ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਲੀਡਰਸ਼ਿਪ ਨੂੰ ਕਿਹਾ ਕਿ ਜੰਮੂ ਤੇ ਕਸ਼ਮੀਰ ਵਿੱਚ ਅਸੈਂਬਲੀ ਚੋਣਾਂ ਕਰਵਾਏ ਜਾਣ ਤੋਂ ਪਹਿਲਾਂ ਇਸ ਦਾ ਸੂਬੇ ਦਾ ਰੁਤਬਾ ਬਹਾਲ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸੰਸਦ ਵਿੱਚ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰੇ। ਤਰੀਗਾਮੀ ਨੇ ਇਕ ਬਿਆਨ ’ਚ ਕਿਹਾ, ‘‘ਜਿੱਥੋਂ ਤੱਕ ਸੂਬੇ ਦਾ ਰੁਤਬਾ ਬਹਾਲ ਕਰਨ ਦੀ ਗੱਲ ਹੈ ਤਾਂ ਭਾਜਪਾ ਨੇ ਸੰਸਦ ਵਿੱਚ ਵਾਅਦਾ ਕੀਤਾ ਸੀ ਤੇ ਉਸ ਨੂੰ ਆਪਣੀ ਕਹੀ ਗੱਲ ਦਾ ਸਨਮਾਨ ਕਰਨਾ ਚਾਹੀਦਾ ਹੈ।’ ਐਤਵਾਰ ਨੂੰ ਹੋਈ ਮੀਟਿੰਗ ਵਿੱਚ ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ, ਐੱਨਸੀ ਆਗੂ ਹਸਨੈਨ ਮਸੂਦੀ, ਪੀਪਲਜ਼ ਮੂਵਮੈਂਟ ਦੇ ਮੁਖੀ ਜਾਵੇਦ ਮੁਸਤਫ਼ਾ ਮੀਰ ਤੇ ਅਵਾਮੀ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਉਪ ਪ੍ਰਧਾਨ ਮੁਜ਼ੱਫਰ ਅਹਿਮਦ ਸ਼ਾਹ ਮੌਜੂਦ ਸਨ।
-ਪੀਟੀਆਈ