ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਿਸਾਨਾਂ ਦੀ ਹਮਾਇਤ ’ਚ ਲਗਾਤਾਰ ਆਵਾਜ਼ ਬੁਲੰਦ ਕਰਦੇ ਆ ਰਹੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਬਜ਼ੁਰਗ ਪੰਜਾਬੀ ਮਹਿਲਾ ਮਹਿੰਦਰ ਕੌਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ’ਤੇ ਉਸ ਦੀ ਲਾਹ-ਪਾਹ ਕੀਤੀ ਹੈ। ਦੋਵੇਂ ਜਣੇ ਇਸ ਮੁੱਦੇ ’ਤੇ ਟਵਿੱਟਰ ਉਪਰ ਮਿਹਣੋ-ਮਿਹਣੀ ਹੋ ਗਏ ਹਨ। ਦਿਲਜੀਤ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ,‘‘ਜਿਹੜੇ ਬਜ਼ੁਰਗ ਬਾਰੇ ਤੂੰ (ਕੰਗਨਾ) ਗੱਲ ਕਰਦੀ ਐਂ, ਉਹ ਸਤਿਕਾਰਯੋਗ ਮਹਿੰਦਰ ਕੌਰ ਜੀ ਹਨ। ਸੁਣ ਲੈ ਨੀਂ ਕੰਗਨਾ ਵਿਦ ਪਰੂਫ। ਬੰਦਾ ਇੰਨਾ ਵੀ ਨਹੀਂ ਅੰਨ੍ਹਾ ਹੋਣਾ ਚਾਹੀਦਾ…ਕੁਝ ਵੀ ਬੋਲੀ ਤੁਰੀ ਜਾਂਦੀ ਐਂ।’’ ਇਸ ਦੇ ਜਵਾਬ ’ਚ ਕੰਗਨਾ ਨੇ ਵੀਰਵਾਰ ਨੂੰ ਲਿਖਿਆ,‘‘ਓ ਕਰਨ ਜੌਹਰ ਕੇ ਪਲਟੂ, ਜੋ ਦਾਦੀ ਸ਼ਾਹੀਨ ਬਾਗ਼ ਮੇਂ ਅਪਨੀ ਸਿਟੀਜ਼ਨਸ਼ਿਪ ਕੇ ਲੀਏ ਪ੍ਰੋਟੈਸਟ ਕਰ ਰਹੀ ਥੀ ਵੋਹੀ ਬਿਲਕੀਸ ਬਾਨੋ ਦਾਦੀ ਜੀ ਫਾਰਮਰਜ਼ ਕੇ ਐੱਮਐੱਸਪੀ ਕੇ ਲੀਏ ਭੀ ਪ੍ਰੋਟੈਸਟ ਕਰਤੇ ਹੁਏ ਦਿਖੀਂ। ਮਹਿੰਦਰ ਕੌਰ ਜੀ ਕੋ ਤੋ ਮੈਂ ਜਾਨਤੀ ਭੀ ਨਹੀਂ। ਕਿਆ ਡਰਾਮਾ ਚਲਾਯਾ ਹੁਆ ਤੁਮ ਲੋਗੋਂ ਨੇ? ਹੁਣੇ ਬੰਦ ਕਰੋ ਇਹ ਬਕਵਾਸ।’’ ਇਸ ਮਗਰੋਂ ਦਿਲਜੀਤ ਦੁਸਾਂਝ ਨੇ ਟਵਿੱਟਰ ’ਤੇ ਕਿਹਾ,‘‘ਬੋਲਣ ਦੀ ਤਮੀਜ਼ ਨਹੀਂ ਤੈਨੂੰ…ਕਿਸੇ ਦੀ ਮਾਂ-ਭੈਣ ਨੂੰ…ਔਰਤ ਹੋ ਕੇ ਦੂਜਿਆਂ ਨੂੰ ਤੂੰ 100-100 ਰੁਪਏ ਵਾਲੀ ਦੱਸਦੀ ਹੈਂ…ਸਾਡੇ ਪੰਜਾਬ ਦੀਆਂ ਮਾਵਾਂ ਸਾਡੇ ਲਈ ਰੱਬ ਨੇ। ਇਹ ਤਾਂ ਭੂੰਡਾਂ ਦੇ ਖੱਖਰ ਨੂੰ ਛੇੜ ਲਿਆ ਤੂੰ…ਪੰਜਾਬੀ ਗੂਗਲ ਕਰ ਲਈਂ।’’ ਜ਼ਿਕਰਯੋਗ ਹੈ ਕਿ ਕੰਗਨਾ ਨੇ ਦਿੱਲੀ ’ਚ ਕਿਸਾਨ ਧਰਨੇ ’ਚ ਸ਼ਾਮਲ ਹੋਈ ਬਜ਼ੁਰਗ ਮਹਿਲਾ ਨੂੰ ਸ਼ਾਹੀਨ ਬਾਗ਼ ਦੀ ਦਾਦੀ ਬਿਲਕੀਸ ਬਾਨੋ ਸਮਝ ਲਿਆ ਸੀ ਅਤੇ ਕਿਹਾ ਸੀ ਕਿ ਉਹ 100 ਰੁਪਏ ਲੈ ਕੇ ਅੰਦੋਲਨ ’ਚ ਆਈ ਹੈ। ਉਸ ਨੇ ਕਿਹਾ ਸੀ,‘‘ਹਾ ਹਾ ਹਾ ਇਹ ਉਹੋ ਦਾਦੀ ਹੈ ਜੋ ਟਾਈਮ ਮੈਗਜ਼ੀਨ ’ਚ ਭਾਰਤ ਦੀ ਸਭ ਤੋਂ ਤਾਕਤਵਰ ਮਹਿਲਾ ਵਜੋਂ ਛਪੀ ਸੀ। ਅਤੇ ਹੁਣ ਉਹ 100 ਰੁਪਏ ’ਚ ਉਪਲੱਬਧ ਹੈ।
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਕੰਗਨਾ ਨੂੰ ਕਾਨੂੰਨੀ ਨੋਟਿਸ
ਮੁੰਬਈ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਕ ਟਵੀਟ ਜ਼ਰੀਏ ਕਥਿਤ ਨਿਸ਼ਾਨਾ ਬਣਾਉਣ ਲਈ ਬੌਲੀਵੁੱਡ ਅਦਾਕਾਰ ਕੰਗਨਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਕਮੇਟੀ ਮੈਂਬਰ ਜਮਸੇਨ ਸਿੰਘ ਨੋਨੀ ਨੇ ਇਹ ਨੋਟਿਸ ਆਪਣੇ ਵਕੀਲ ਹਰਪ੍ਰੀਤ ਸਿੰਘ ਹੋਰਾਂ ਰਾਹੀਂ ਭੇਜਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਦਾ ਮੁੰਬਈ ਸਥਿਤ ਬੰਗਲਾ (ਬੀਐੱਮਸੀ ਵੱਲੋਂ) ਢਾਹੇ ਜਾਣ ਮੌਕੇ ਅਦਾਕਾਰਾ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਦਿਆਂ ਇਸ ਕਾਰਵਾਈ ਨੂੰ ਉਸ ਦੇ ਮੌਲਿਕ ਅਧਿਕਾਰਾਂ ’ਤੇ ਹਮਲਾ ਕਰਾਰ ਦਿੱਤਾ ਸੀ। ਠੀਕ ਉਸੇ ਤਰ੍ਹਾਂ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਕਿਸਾਨਾਂ ਨੂੰ ਭਾਰਤੀ ਸੰਵਿਧਾਨ ਤਹਿਤ ਮਿਲਿਆ ਹੱਕ ਹੈ ਤੇ ਉਸ (ਕੰਗਨਾ) ਨੂੰ ਕਿਸਾਨਾਂ ਦਾ ਨਿਰਾਦਰ ਕਰਨ ਦਾ ਕੋਈ ਹੱਕ ਨਹੀਂ ਹੈ।
-ਪੀਟੀਆਈ