ਮੁੰਬਈ, 7 ਜੁਲਾਈ
ਹਿੰਦੀ ਫਿਲਮ ਇੰਡਸਟਰੀ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਨ। ਬੌਲੀਵੁੱਡ ਵਿੱਚ ‘ਟ੍ਰੈਜੇਡੀ ਕਿੰਗ’ ਦੇ ਲਕਬ ਨਾਲ ਮਕਬੂਲ ਦਿਲੀਪ ਕੁਮਾਰ ਮੰਗਲਵਾਰ ਤੋਂ ਹਿੰਦੂਜਾ ਹਸਪਤਾਲ ਦੇ ਨਾਨ-ਕੋਵਿਡ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਸਨ। ਉਨ੍ਹਾਂ ਅੱਜ ਸਵੇੇਰੇ ਸਾਢੇ ਸੱਤ ਵਜੇ ਦੇ ਕਰੀਬ ਆਖਰੀ ਸਾਹ ਲਏ। ਉਨ੍ਹਾਂ ਨੂੰ ਸ਼ਾਮੀਂ ਪੂਰੇ ਸਰਕਾਰੀ ਸਨਮਾਨਾਂ ਨਾਲ ਸਾਂਤਾਕਰੂਜ਼ ਸਥਿਤ ਜੂਹੀ ਕਬਰਿਸਤਾਨ ਵਿੱਚ ਕੁਝ ਨੇੜਲੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਕੁਮਾਰ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਤੇ ਅਦਾਕਾਰ ਸਾਇਰਾ ਬਾਨੋ ਹੈ। ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਸ਼ੋਕ ਸੁਨੇਹੇ ’ਚ ਕਿਹਾ ਕਿ ਦਿਲੀਪ ਕੁਮਾਰ ਸਦਾ ਦਿਲਾਂ ’ਚ ਵੱਸਦੇ ਰਹਿਣਗੇ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਪਾਕਿਸਤਾਨ ਦੇ ਸਦਰ ਆਰਿਫ਼ ਅਲਵੀ, ਅਮਿਤਾਭ ਬੱਚਨ ਤੇ ਪੂਰੀ ਫਿਲਮ ਇੰਡਸਟਰੀ ਨੇ ਅਦਾਕਾਰ ਦੇ ਇੰਤਕਾਲ ’ਤੇ ਦੁਖ਼ ਦਾ ਇਜ਼ਹਾਰ ਕੀਤਾ। ਡਾਕਟਰ ਜਲੀਲ ਪਾਰਕਰ ਨੇ ਦੱਸਿਆ, ‘‘ਲੰਮੀ ਬਿਮਾਰੀ ਕਾਰਨ ਦਿਲੀਪ ਕੁਮਾਰ ਸਵੇਰੇ 7.30 ਵਜੇ ਜਹਾਨ ਤੋਂ ਰੁਖ਼ਸਤ ਹੋ ਗਏ।’ ਪਰਿਵਾਰਕ ਦੋਸਤ ਫੈਸਲ ਫਾਰੂਕੀ ਨੇ ਅਦਾਕਾਰ ਦੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਲਿਖਿਆ, “ਮੈਂ ਭਰੇ ਮਨ ਨਾਲ ਦੱਸ ਰਿਹਾ ਹਾਂ ਕਿ ਸਾਡੇ ਪਿਆਰੇ ਦਿਲੀਪ ਸਾਹਿਬ ਦਾ ਕੁਝ ਮਿੰਟ ਪਹਿਲਾਂ ਦੇਹਾਂਤ ਹੋ ਗਿਆ। ਅਸੀਂ ਅੱਲ੍ਹਾ ਦੇ ਬੰਦੇ ਹਾਂ ਅਤੇ ਸਾਨੂੰ ਉਸ ਕੋਲ ਵਾਪਸ ਜਾਣਾ ਪਏਗਾ।’’ ਕੁਮਾਰ ਦੀ ਦੇਹ ਨੂੰ ਮਗਰੋਂ ਉਨ੍ਹਾਂ ਦੀ ਪਾਲੀ ਹਿੱਲ ਸਥਿਤ ਰਿਹਾਇਸ਼ ਲਿਜਾਇਆ ਗਿਆ, ਜਿੱਥੇ ਦੋਸਤਾਂ ਮਿੱਤਰਾਂ, ਸਿਆਸੀ ਆਗੂਆਂ ਤੇ ਹੋਰਨਾਂ ਸਾਥੀਆਂ, ਜਿਨ੍ਹਾਂ ਵਿੱਚ ਧਰਮਿੰਦਰ, ਸ਼ਬਾਨਾ ਆਜ਼ਮੀ, ਸ਼ਾਹਰੁਖ਼ ਖ਼ਾਨ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਮੌਜੂਦ ਸਨ, ਨੇ ਮਰਹੂਮ ਅਦਾਕਾਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਭਾਵੁਕ ਹੋਏ ਧਰਮਿੰਦਰ ਨੇ ਕੁਮਾਰ ਦੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਅੱਜ ਬਹੁਤ ਉਦਾਸ ਹਾਂ। ਮੈਂ ਕੁਝ ਵੀ ਨਹੀਂ ਕਹਾਂਗਾ। ਮੈਂ ਆਪਣਾ ਭਰਾ ਗੁਆ ਲਿਆ ਹੈ।’’ ਜਾਣਕਾਰੀ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਅਦਾਕਾਰ ਦੀ ਸਿਹਤ ਨਾਸਾਜ਼ ਚੱਲ ਰਹੀ ਸੀ। ਉਨ੍ਹਾਂ ਨੂੰ ਫੇਫੜਿਆਂ ਦੇ ਰੋਗ ਤੋਂ ਇਲਾਵਾ ਗਦੂਦਾਂ ਦਾ ਕੈਂਸਰ ਸੀ, ਜੋ ਅਜੇ ਆਪਣੇੇ ਸ਼ੁਰੂਆਤੀ ਪੜਾਅ ਵਿੱਚ ਸੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦਾ ਹਸਪਤਾਲ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਕਰਕੇ ਪਿਛਲੇ ਮਹੀਨੇ ਵੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਅਦਾਕਾਰ ਨੇ ਫ਼ਿਲਮ ਇੰਡਸਟਰੀ ਦੀ ਝੋਲੀ ‘ਮੁਗਲੇ ਆਜ਼ਮ’, ‘ਨਯਾ ਦੌਰ’, ‘ਦੇਵਦਾਸ’, ‘ਰਾਮ ਔਰ ਸ਼ਿਆਮ’ ਤੇ ‘ਸ਼ਕਤੀ’ ਜਿਹੀਆਂ ਕਈ ਸ਼ਾਨਦਾਰ ਫ਼ਿਲਮਾਂ ਪਾਈਆਂ। ਕੁਮਾਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1944 ਵਿੱਚ ‘ਜਵਾਰ ਭਾਟਾ’ ਨਾਲ ਕੀਤੀ ਸੀ। ਰਾਜ ਕਪੂਰ, ਦੇਵ ਆਨੰਦ ਤੇ ਦਿਲੀਪ ਕੁਮਾਰ ਨੂੰ ਹਿੰਦੀ ਸਿਨੇਮਾ ਜਗਤ ਦੀ ਗੋਲਡਨ ਤਿੱਕੜੀ ਮੰਨਿਆ ਜਾਂਦਾ ਸੀ।
ਕੁਮਾਰ ਦਾ ਅਸਲੀ ਨਾਮ ਯੂਸੁਫ ਖ਼ਾਨ ਸੀ ਤੇ ਉਨ੍ਹਾਂ ਦਾ ਜਨਮ 11 ਦਸੰਬਰ 1922 ਨੂੰ ਪਿਸ਼ਾਵਰ ’ਚ ਹੋਇਆ ਸੀ। ਉਨ੍ਹਾਂ ਨੂੰ ਇਕ ਵਾਰ ਰਾਜ ਸਭਾ ਲਈ ਵੀ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੂੰ ਪਦਮ ਭੂਸ਼ਨ ਤੇ ਪਦਮ ਵਿਭੂਸ਼ਨ, ਦਾਦਾਸਾਹਿਬ ਫਾਲਕੇ ਐਵਾਰਡ ਸਮੇਤ ਹੋਰ ਕਈ ਐਜਾਜ਼ ਹਾਸਲ ਸਨ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਮਾਰ ਨੂੰ ਸਿਨੇਮਾ ਜਗਤ ਦੇ ਮਹਾਨ ਅਦਾਕਾਰ ਵਜੋਂ ਯਾਦ ਕੀਤਾ। ਉਨ੍ਹਾਂ ਇਕ ਟਵੀਟ ’ਚ ਕਿਹਾ, ‘‘ਉਨ੍ਹਾਂ ਵਿੱਚ ਲਾਸਾਨੀ ਪ੍ਰਤਿਭਾ ਸੀ, ਜਿਸ ਕਰਕੇ ਵੱਖੋ ਵੱਖ ਪੀੜ੍ਹੀਆਂ ’ਚ ਉਨ੍ਹਾਂ ਦੇ ਪ੍ਰਸ਼ੰਸਕ ਸਨ। ਉਨ੍ਹਾਂ ਦਾ ਇੰਤਕਾਲ ਸਾਡੇ ਸਭਿਆਚਾਰ ਜਗਤ ਲਈ ਵੱਡਾ ਘਾਟਾ ਹੈ। ਮੈਂ ਉਨ੍ਹਾਂ ਦੇ ਪਰਿਵਾਰ, ਦੋਸਤਾਂ ਮਿੱਤਰਾਂ ਤੇ ਅਣਗਿਣਤ ਪ੍ਰਸ਼ੰਸਕਾਂ ਦੇ ਇਸ ਦੁਖ਼ ਵਿੱਚ ਸ਼ਰੀਕ ਹਾਂ।’’
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਪਣੇ ਸ਼ੋਕ ਸੁਨੇਹੇ ’ਚ ਕਿਹਾ, ‘‘ਦਲੀਪ ਕੁਮਾਰ ਉਭਰਦੇ ਭਾਰਤ ਦੇ ਇਤਿਹਾਸ ਨੂੰ ਆਪਣੇ ਵਿੱਚ ਸਮੋਈ ਬੈਠੇ ਸਨ। ਹਰ ਵਰਗ ਤੇ ਉਮਰ ਦੇ ਲੋਕ ਉਨ੍ਹਾਂ ਦੇ ਪ੍ਰਸ਼ੰਸਕ ਸਨ ਤੇ ਉਨ੍ਹਾਂ ਨੂੰ ਉਪ ਮਹਾਦੀਪ ਤੋਂ ਪਰ੍ਹੇ ਵੀ ਓਨਾ ਪਿਆਰ ਤੇ ਸਤਿਕਾਰ ਮਿਲਿਆ ਸੀ। ਦਿਲੀਪ ਸਾਹਿਬ ਹਮੇਸ਼ਾ ਸਾਡੇ ਦਿਲਾਂ ’ਚ ਜਿਊਂਦੇ ਰਹਿਣਗੇ।’’ ‘ਸ਼ਕਤੀ’ ਫਿਲਮ ’ਚ ਦਲੀਪ ਕੁਮਾਰ ਦੇ ਸਹਿ-ਕਲਾਕਾਰ ਰਹੇ ਤੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕਿਹਾ ਕਿ ਦਿਲੀਪ ਸਾਹਿਬ ਦੀ ਮੌਤ ਨਾਲ ਇਕ ਸੰਸਥਾ ਚਲੀ ਗਈ ਹੈ…ਜਦੋਂ ਕਦੇ ਵੀ ਭਾਰਤੀ ਸਿਨੇਮਾ ਦਾ ਇਤਿਹਾਸ ਲਿਖਿਆ ਜਾਵੇਗਾ, ਇਹ ਹਮੇਸ਼ਾ ‘ਦਿਲੀਪ ਕੁਮਾਰ ਦੇ ਅੱਗੇ ਤੇ ਪਿੱਛੇ ਰਹੇਗਾ। ਮੈਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੁਆ ਕਰਦਾ ਹਾਂ ਤੇ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।’’ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਨੇ ਵੀ ਕੁਮਾਰ ਦੇ ਇੰਤਕਾਲ ’ਤੇ ਦੁਖ਼ ਦਾ ਇਜ਼ਹਾਰ ਕੀਤਾ ਹੈ। -ਪੀਟੀਆਈ