ਭੋਪਾਲ, 23 ਜਨਵਰੀ
ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਟੈਮ ਅਤੇ ਸੁਥਾਲੀਆ ਸਿੰਚਾਈ ਪ੍ਰਾਜੈਕਟ ਕਾਰਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੇ ਮਸਲੇ ਨੂੰ ਲੈ ਕੇ ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ। ਦੋ ਦਿਨ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ’ਤੇ ਮੁਲਾਕਾਤ ਲਈ ਸਮਾਂ ਨਾ ਦੇਣ ਦਾ ਦੋਸ਼ ਲਾਇਆ ਸੀ ਅਤੇ ਮੀਟਿੰਗ ਦਾ ਸਮਾਂ ਲੈਣ ਲਈ ਧਰਨੇ ’ਤੇ ਬੈਠ ਗਏ ਸਨ। ਮੁੱਖ ਮੰਤਰੀ ਚੌਹਾਨ ਨੂੰ ਮਿਲਣ ਸਮੇਂ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਵੀ ਉਨ੍ਹਾਂ ਨਾਲ ਸਨ।
ਦਿਗਵਿਜੈ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਸ ਪ੍ਰਾਜੈਕਟ ਕਾਰਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਦੁਰਦਸ਼ਾ ਸਬੰਧੀ ਚੌਹਾਨ ਨੂੰ ਜਾਣੂ ਕਰਵਾਉਣ ਲਈ ਉਹ ਲੰਮੇ ਸਮੇਂ ਤੋਂ ਮਿਲਣ ਲਈ ਸਮਾਂ ਮੰਗ ਰਹੇ ਹਨ, ਪਰ ਮੁੱਖ ਮੰਤਰੀ ਦਫ਼ਤਰ ਟਰਕਾਉਂਦਾ ਆ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਲਾਕਾਤ ਸ਼ੁੱਕਰਵਾਰ ਨੂੰ ਤੈਅ ਸੀ, ਪਰ ਐਨ ਆਖ਼ਰੀ ਮੌਕੇ ਰੱਦ ਕਰ ਦਿੱਤੀ ਗਈ। ਦਿਗਿਵਜੈ ਸਿੰਘ ਸ਼ੁੱਕਰਵਾਰ ਨੂੰ ਧਰਨਾ ’ਤੇ ਵੀ ਬੈਠ ਗਏ ਸਨ।
ਸ਼ਿਵਰਾਜ ਚੌਹਾਨ ਨਾਲ ਮੁਲਾਕਾਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਨਾਥ ਨੇ ਪੱਤਰਕਾਰਾਂ ਨੂੰ ਕਿਹਾ, ‘‘ਟੈਮ ਅਤੇ ਸੁਥਾਲੀਆ ਸਿੰਚਾਈ ਪ੍ਰਾਜੈਕਟ ਨਾਲ ਪ੍ਰਭਾਵਿਤ ਲੋਕਾਂ ਦੇ ਮੁੱਦੇ ਸਬੰਧੀ ਦਿਗਵਿਜੈ ਸਿੰਘ ਅਤੇ ਮੈਂ ਮੁੱਖ ਮੰਤਰੀ ਨੂੰ ਮਿਲੇ। ਅਸੀਂ ਉਨ੍ਹਾਂ ਨੂੰ ਸਰਵੇਖਣ ਅਤੇ ਮੁਆਵਜ਼ੇ ਦੇ ਕੰਮ ਵਿੱਚ ਹੋਈਆਂ ਬੇਨੇਮੀਆਂ ਬਾਰੇ ਜਾਣੂ ਕਰਵਾਇਆ। ਕਿਸਾਨਾਂ ਨੇ ਖੁਦ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ।’’ ਕਮਲਨਾਥ ਨੇ ਦੋਸ਼ ਲਾਇਆ ਕਿ ਮੱਧ ਪ੍ਰਦੇਸ਼ ਦੇ ਕਿਸਾਨ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਖ਼ਾਦ, ਬੀਜ ਅਤੇ ਉਨ੍ਹਾਂ ਦੀ ਫ਼ਸਲ ਦੀ ਢੁਕਵੀਂ ਕੀਮਤ ਨਹੀਂ ਮਿਲ ਰਹੀ। ਵੱਡੇ ਪ੍ਰਾਜੈਕਟਾਂ ਲਈ ਉਨ੍ਹਾਂ ਦੀ ਜ਼ਮੀਨ ਖੋਹੀ ਜਾ ਰਹੀ ਹੈ। -ਪੀਟੀਆਈ