ਭੁਪਾਲ, 5 ਦਸੰਬਰ
ਕਾਂਗਰਸੀ ਆਗੂ ਦਿਗਵਿਜੈ ਸਿੰਘ ਦੀ ਜੱਦੀ ਵਿਧਾਨ ਸਭਾ ਸੀਟ ਰਾਘੋਗੜ੍ਹ ਵਿਚ ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਵੱਲੋਂ ਇਕ ਜਨਤਕ ਮੀਟਿੰਗ ਕੀਤੇ ਜਾਣ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਸ਼ਬਦੀ ਜੰਗ ਛਿੜ ਗਈ ਹੈ। ਇਸ ਦੌਰਾਨ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਕਾਂਗਰਸ ਛੱਡ ਕੇ ਵਿਧਾਇਕਾਂ ਸਣੇ ਭਾਜਪਾ ਵਿਚ ਸ਼ਾਮਲ ਹੋਣ ਲਈ ਆਪਣੇ ਪੁਰਾਣੇ ਸਾਥੀ ਸਿੰਧੀਆ ਨੂੰ ਵਿਸ਼ਵਾਸਘਾਤੀ ਕਰਾਰ ਦੇ ਦਿੱਤਾ। ਸ਼ਨਿਚਰਵਾਰ ਨੂੰ ਸਿੰਧੀਆ ਦੀ ਰੈਲੀ ਦੌਰਾਨ ਇਕ ਸਾਬਕਾ ਵਿਧਾਇਕ ਦੇ ਪੁੱਤਰ ਸਣੇ ਕਈ ਕਾਂਗਰਸੀ ਵਰਕਰ ਭਾਜਪਾ ’ਚ ਸ਼ਾਮਲ ਹੋਏ ਸਨ। ਉਪਰੰਤ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ ਗੁਣਾ ਅਤੇ ਵਿਦੀਸ਼ਾ ਜ਼ਿਲ੍ਹੇ ਵਿਚ ਦੋ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸਿੰਧੀਆ ਪਰਿਵਾਰ ਨੂੰ ਵਿਸ਼ਵਾਸਘਾਤੀ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘ਸਿੰਧੀਆ ਨੇ ਪਹਿਲਾਂ ਕਾਂਗਰਸ ਦਾ ਫਾਇਦਾ ਲਿਆ ’ਤੇ ਬਾਅਦ ’ਚ ਭਾਜਪਾ ’ਚ ਸ਼ਾਮਲ ਹੋ ਗਿਆ।’’ -ਪੀਟੀਆਈ