ਨਵੀਂ ਦਿੱਲੀ: ਭਾਰਤ ਦੇ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਵਿੱਚ ਕੇਸਾਂ ਨੂੰ ਸੂਚੀਬੱਧ ਕਰਨ ਦੇ ਨਵੇਂ ਢੰਗ ਤਰੀਕੇ ਨੂੰ ਲੈ ਕੇ ਕੁਝ ਮੁਸ਼ਕਲਾਂ ਜ਼ਰੂਰ ਦਰਪੇਸ਼ ਹਨ, ਪਰ ਇਨ੍ਹਾਂ ਨੂੰ ਲੈ ਕੇ ਸਾਰੇ ਜੱਜ ਪੂਰੀ ਤਰ੍ਹਾਂ ਇਕਮੱਤ ਹਨ। ਕਾਬਿਲੇਗੌਰ ਹੈ ਕਿ ਸੁਪਰੀਮ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਲੰਘੇ ਦਿਨ ਇਕ ਕੇਸ ਦੀ ਸੁਣਵਾਈ ਦੌਰਾਨ ਕੇਸਾਂ ਨੂੰ ਸੁਣਵਾਈ ਲਈ ਸੂਚੀਬੱਧ ਕਰਨ ਦੇ ਨਵੇਂ ਪ੍ਰਬੰਧ ’ਤੇ ਉਜ਼ਰ ਜਤਾਇਆ ਸੀ। ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਅਭੈ ਐੱਸ.ਓਕਾ ਦੇ ਬੈਂਚ ਨੇ ਕਿਹਾ ਸੀ ਕਿ ਨਵਾਂ ਲਿਸਟਿੰਗ ਪ੍ਰਬੰਧ ਨਿਰਧਾਰਿਤ ਕੇਸਾਂ ਦੀ ਸੁਣਵਾਈ ਲਈ ਢੁੱਕਵਾਂ ਸਮਾਂ ਨਹੀਂ ਦਿੰਦਾ…ਜਿਵੇਂ ਕਿ ਮੌਜੂਦਾ ਕੇਸ ਵਿੱਚ ਹੈ ਕਿਉਂਕਿ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਵਧੇਰੇ ਕੇਸ ਹੁੰਦੇ ਹਨ। ਇਸ ਤੋਂ ਪਹਿਲਾਂ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਇਨ੍ਹੀਂ ਦਿਨੀਂ, ਹਰੇਕ ਕੋਰਟ ਵਿਚ ਫੁਟਕਲ ਦਿਨਾਂ ’ਚ ਸੁਣਵਾਈ ਲਈ ਕਰੀਬ 60 ਕੇਸ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕੇਸ ਫਾਈਲਾਂ ਦੇ ਅਧਿਐਨ ਲਈ ਜੱਜ ਰਾਤ-ਰਾਤ ਭਰ ਜਾਗ ਕੇ ਸਖ਼ਤ ਮਿਹਨਤ ਕਰ ਰਹੇ ਹਨ। -ਆਈਏਐੱਨਐੱਸ