ਸੂਰਤ, 29 ਸਤੰਬਰ
ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਰੋਡ ਸ਼ੋਅ ਕੀਤਾ ਅਤੇ ਕਿਹਾ ਕਿ ਡਾਇਮੰਡ ਰਿਸਰਚ ਐਂਡ ਮਰਕੈਂਟਾਈਲ (ਡਰੀਮ) ਸਿਟੀ ਪ੍ਰਾਜੈਕਟ ਪੂਰਾ ਹੋਣ ਮਗਰੋਂ ਸੂਰਤ, ਦੁਨੀਆ ਦੇ ਸਭ ਤੋਂ ਸੁਰੱਖਿਅਤ ਤੇ ਸਹੂਲਤਾਂ ਵਾਲੇ ਹੀਰਾ ਵਪਾਰ ਕੇਂਦਰ ਵਜੋਂ ਵਿਕਸਤ ਹੋਵੇਗਾ। ਇਸ ਦੌਰਾਨ ਮਹਿਲਾਵਾਂ ਨੇ ਪ੍ਰਧਾਨ ਮੰਤਰੀ ’ਤੇ ਫੁੱਲਾਂ ਦੀ ਵਰਖਾ ਕੀਤੀ ਤੇ ਥਾਂ-ਥਾਂ ਲੋਕ ਨਾਚ ਵੀ ਕੀਤੇ।
ਸੂਰਤ ਦੇ ਲਿੰਬਾਇਤ ’ਚ ਪ੍ਰਧਾਨ ਮੰਤਰੀ ਨੇ 3400 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੇ ਉਦਘਾਟਨ ਕਰਨ ਤੋਂ ਬਾਅਦ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਰਤ ’ਚ ਕੱਪੜਾ ਤੇ ਹੀਰਾ ਕਾਰੋਬਾਰ ਨਾਲ ਦੇਸ਼ ਭਰ ’ਚ ਕਈ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਕਿਹਾ, ‘ਡਰੀਮ ਸਿਟੀ ਪ੍ਰਾਜੈਕਟ ਜਦੋਂ ਪੂਰਾ ਹੋ ਜਾਵੇਗਾ ਤਾਂ ਸੂਰਤ, ਸੰਸਾਰ ਦਾ ਸਭ ਤੋਂ ਸੁਰੱਖਿਅਤ ਤੇ ਸਹੂਲਤਾਂ ਵਾਲੇ ਹੀਰਾ ਕਾਰੋਬਾਰ ਕੇਂਦਰ ਵਜੋਂ ਵਿਕਸਿਤ ਹੋਵੇਗਾ। ਹੁਣ ਉਹ ਦਿਨ ਦੂਰ ਨਹੀਂ ਜਦੋਂ ਸੂਰਤ ਸੰਸਾਰ ਭਰ ਦੇ ਹੀਰਾ ਕਾਰੋਬਾਰੀਆਂ ਤੇ ਕੰਪਨੀਆਂ ਲਈ ਇੱਕ ਆਧੁਨਿਕ ਕੇਂਦਰ ਵਜੋਂ ਪਛਾਣਿਆ ਜਾਵੇਗਾ।’ ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਖਜੋਦ ਪਿੰਡ ਨੇੜੇ 700 ਹੈਕਟੇਅਰ ’ਚ ਫੈਲੇ ਵੱਕਾਰੀ ਡਰੀਮ ਸਿਟੀ ਦੇ ਮੁੱਖ ਦਾਖਲਾ ਗੇਟ ਦਾ ਉਦਘਾਟਨ ਕੀਤਾ। ਉਨ੍ਹਾਂ ਪ੍ਰਾਜੈਕਟ ਦੇ ਦੂਜੇ ਗੇੜ ਦਾ ਨੀਂਹ ਪੱਥਰ ਵੀ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਰਤ ’ਚ ਕੱਪੜਾ ਸਨਅਤ ਦਾ ਵੱਡਾ ਬਾਜ਼ਾਰ ਕਾਸ਼ੀ ਤੇ ਪੂਰਬੀ ਉੱਤਰ ਪ੍ਰਦੇਸ਼ ਨਾਲ ਵੀ ਜੁੜਿਆ ਹੋਇਆ ਹੈ ਅਤੇ ਹੁਣ ਸੂਰਤ ਤੋਂ ਕਾਸ਼ੀ ਲਈ ਇੱਕ ਨਵੀਂ ਰੇਲ ਗੱਡੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਵਨਗਰ ਵਿੱਚ ਰੈਲੀ
ਭਾਵਨਗਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਗੁਜਰਾਤ ’ਚ ਭਾਜਪਾ ਸਰਕਾਰ ਨੇ ਪ੍ਰਚਾਰ ’ਤੇ ਕੋਈ ਖਰਚਾ ਕੀਤੇ ਬਿਨਾਂ ਹੀ ਇੱਥੋਂ ਦੇ ਤੱਟੀ ਇਲਾਕਿਆਂ ’ਚ ਕਈ ਪ੍ਰਾਜੈਕਟ ਲਿਆਂਦੇ ਹਨ। ਸੌਰਾਸ਼ਟਰ ਦੇ ਭਾਵਨਗਰ ’ਚ ਛੇ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸੌਰਾਸ਼ਟਰ ਨਰਮਦਾ ਸਿੰਜਾਈ ਯੋਜਨਾ ਲਾਗੂ ਕਰਕੇ ਉਨ੍ਹਾਂ ਆਪਣੇ ਆਲੋਚਕਾਂ ਨੂੰ ਗਲਤ ਸਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ਸਮਾਜ ਲਈ ਜਿਊਂਦੇ ਹਨ। -ਪੀਟੀਆਈ