ਸ੍ਰੀਨਗਰ, 7 ਅਗਸਤ
ਜੰਮੂ ਕਸ਼ਮੀਰ ’ਚ ਸ਼ਾਂਤੀ ਅਤੇ ਸਥਿਰਤਾ ਦੀ ਵਕਾਲਤ ਕਰਦਿਆਂ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਨਵੇਂ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਕਿਹਾ ਕਿ ਅਤਿਵਾਦ ਅਤੇ ਬੇਯਕੀਨੀ ਦੇ ਹਾਲਾਤ ਨੂੰ ਖ਼ਤਮ ਕਰਨ ਲਈ ਲੋਕਾਂ ਨਾਲ ਛੇਤੀ ਹੀ ਪ੍ਰਸ਼ਾਸਨ ਵੱਲੋਂ ਸੰਵਾਦ ਸ਼ੁਰੂ ਕੀਤਾ ਜਾਵੇਗਾ। ਉਪ ਰਾਜਪਾਲ ਵਜੋਂ ਹਲਫ਼ ਲੈਣ ਮਗਰੋਂ ਸ੍ਰੀ ਸਿਨਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 5 ਅਗਸਤ ਦਾ ਦਿਹਾੜਾ ਜੰਮੂ ਕਸ਼ਮੀਰ ਦੇ ਇਤਿਹਾਸ ਲਈ ਅਹਿਮ ਹੈ ਕਿਉਂਕਿ ਕਈ ਵਰ੍ਹਿਆਂ ਦੇ ‘ਇਕਾਂਤਵਾਸ’ ਮਗਰੋਂ ਜੰਮੂ ਕਸ਼ਮੀਰ ਹੁਣ ਦੇਸ਼ ਦੀ ਮੁੱਖ ਧਾਰਾ ਨਾਲ ਜੁੜ ਗਿਆ ਹੈ। ਪ੍ਰਸ਼ਾਸਨ ਦੀ ਪ੍ਰਾਥਮਿਕਤਾ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ,‘‘ਸਾਨੂੰ ਜੰਮੂ ਕਸ਼ਮੀਰ ਦੇ ਆਮ ਲੋਕਾਂ ਨਾਲ ਗੱਲਬਾਤ ਕਰਨ ਦੀ ਲੋੜ ਹੈ। ਸਾਡਾ ਕੋਈ ਏਜੰਡਾ ਨਹੀਂ ਹੈ ਅਤੇ ਕਿਸੇ ਖਿਲਾਫ਼ ਕੋਈ ਵਿਤਕਰਾ ਨਹੀਂ ਹੋਵੇਗਾ। ਸੰਵਿਧਾਨ ਗੀਤਾ ਵਾਂਗ ਹੈ ਅਤੇ ਸੰਵਿਧਾਨ ਅਨੁਸਾਰ ਹੀ ਕੰਮ ਨੇਪਰੇ ਚੜ੍ਹਨਗੇ।’’ ਵਿਕਾਸ ’ਚ ਤੇਜ਼ੀ ਲਿਆਉਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਰੁਕੇ ਹੋਏ ਕੰਮ ਪਿਛਲੇ ਇਕ ਸਾਲ ’ਚ ਮੁਕੰਮਲ ਹੋ ਗਏ ਹਨ। ਇਸ ਦੌਰਾਨ ਮੁੱਖ ਸਕੱਤਰ ਬੀ ਵੀ ਆਰ ਸੁਬਰਾਮਣੀਅਮ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਪੰਚਾਂ ਅਤੇ ਸਰਪੰਚਾਂ ਦੀਆਂ 12,600 ਸੀਟਾਂ ’ਤੇ ਜ਼ਿਮਨੀ ਚੋਣਾਂ ਕਰੋਨਾਵਾਇਰਸ ਦਾ ਕਹਿਰ ਖ਼ਤਮ ਹੋਣ ਮਗਰੋਂ ਕਰਵਾਈਆਂ ਜਾਣਗੀਆਂ।