ਨਵੀਂ ਦਿੱਲੀ, 3 ਅਕਤੂਬਰ
ਕਰੋੜਾਂ ਰੁਪਏ ਦੀ ਬੈਂਕ ਧੋਖਾਧੜੀ ਦੇ ਕੇਸ ਵਿਚ ਦਿੱਲੀ ਦੀ ਅਦਾਲਤ ਨੇ ਡੀਐਚਐਫਐਲ ਦੇ ਸਾਬਕਾ ਪ੍ਰਮੋਟਰ ਕਪਿਲ ਤੇ ਧੀਰਜ ਵਧਾਵਨ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਕਰਜ਼ ਧੋਖਾਧੜੀ ਦੇ ਕੇਸ ਵਿਚ ਸੀਬੀਆਈ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਨੇ ਅਦਾਲਤ ਵਿਚ ਕਿਹਾ ਕਿ ਸੀਬੀਆਈ ਗ੍ਰਿਫ਼ਤਾਰੀ ਤੋਂ ਬਾਅਦ ਲਾਜ਼ਮੀ 60 ਦਿਨਾਂ ਵਿਚ ਚਾਰਜਸ਼ੀਟ ਦਾਇਰ ਕਰਨ ’ਚ ਅਸਫ਼ਲ ਰਹੀ ਹੈ। ਇਸ ਲਈ ਉਹ ਜ਼ਮਾਨਤ ਦੇ ਹੱਕਦਾਰ ਹਨ। ਦੋਵਾਂ ਨੂੰ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਸ਼ੇਸ਼ ਜੱਜ ਨੇ ਕਿਹਾ ਕਿ ਇਸ ਮਾਮਲੇ ਵਿਚ ਜਿਹੜੀ ਚਾਰਜਸ਼ੀਟ ਦਾਖਲ ਕੀਤੀ ਜਾਣੀ ਹੈ, ਉਹ ਸੀਆਰਪੀਸੀ ਦੀਆਂ ਹੋਰਨਾਂ ਧਾਰਾਵਾਂ ਹੇਠ ਆਉਂਦੀ ਹੈ। ਉਸ ਲਈ 90 ਦਿਨਾਂ ਤੱਕ ਦਾ ਸਮਾਂ ਤੈਅ ਹੈ। ਜੱਜ ਨੇ ਨਾਲ ਹੀ ਨੋਟ ਕੀਤਾ ਕਿ ਦੋਵਾਂ ਮੁਲਜ਼ਮਾਂ ’ਤੇ ਧਾਰਾ 409 ਵੀ ਲਾਈ ਗਈ ਹੈ। -ਪੀਟੀਆਈ