ਸ੍ਰੀਨਗਰ, 28 ਫਰਵਰੀ
ਇੱਥੋਂ ਦੇ ਮਸ਼ਹੂਰ ਕ੍ਰਿਸ਼ਨਾ ਢਾਬਾ ਦੇ ਮਾਲਕ ਦੇ ਪੁੱਤਰ, ਜਿਸ ਨੂੰ ਬੀਤੀ 17 ਫਰਵਰੀ ਨੂੰ ਅਤਿਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ, ਨੇ ਅੱਜ ਹਸਪਤਾਲ ਵਿੱਚ ਦਮ ਤੋੜ ਦਿੱਤਾ। ਗੋਲੀ ਦਾ ਸ਼ਿਕਾਰ ਹੋਏ ਆਕਾਸ਼ ਮਹਿਰਾ ਦਾ ਪਿਛਲੇ ਦਸ ਦਿਨਾਂ ਤੋਂ ਐੱਸਐੱਮਐੱਚਐੱਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਅਧਿਕਾਰੀਆਂ ਅਨੁਸਾਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਅੱਜ ਤੜਕੇ ਦਮ ਤੋੜ ਦਿੱਤਾ।
ਦੱਸਣਯੋਗ ਹੈ ਕਿ 1990 ਦੇ ਦਹਾਕੇ ਦੌਰਾਨ ਸਰਗਰਮ ਰਹੇ ਅਤਿਵਾਦੀ ਸੰਗਠਨ ‘ਦਿ ਮੁਸਲਿਮ ਜਾਂਬਾਜ਼ ਫੋਰਸ’ ਨੇ ਮਹਿਰਾ ’ਤੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸ਼ਾਕਾਹਾਰੀ ਭੋਜਨ ਲਈ ਮਸ਼ਹੂਰ ਕ੍ਰਿਸ਼ਨਾ ਢਾਬਾ ਸ਼ਹਿਰ ਦੇ ਉੱਚ ਸੁਰੱਖਿਆ ਵਾਲੇ ਖੇਤਰ ਦੁਰਗਾਨਾਗ ਵਿੱਚ ਸਥਿਤ ਹੈ। ਇਸ ਦੇ ਨੇੜੇ ਹੀ ਭਾਰਤ ਤੇ ਪਾਕਿਸਤਾਨ ਲਈ ਸੰਯੁਕਤ ਰਾਸ਼ਟਰ ਮਿਲਟਰੀ ਨਿਰੀਖਕ ਸਮੂਹ ਦਾ ਦਫ਼ਤਰ ਤੇ ਜੰਮੂ ਤੇ ਕਸ਼ਮੀਰ ਦੇ ਚੀਫ਼ ਜਸਟਿਸ ਦੀ ਰਿਹਾਇਸ਼ ਵੀ ਮੌਜੂਦ ਹੈ। ਪੁਲੀਸ ਨੇ ਮਾਮਲੇ ’ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਥਿਤ ਸਬੰਧ ਅਤਿਵਾਦੀ ਸੰਗਠਨ ‘ਲਸ਼ਕਰ-ਏ-ਤਾਇਬਾ’ ਨਾਲ ਸਬੰਧਤ ਸਮੂਹ ਨਾਲ ਦੱਸੇ ਗਏ ਹਨ। ਇਸੇ ਦੌਰਾਨ ਜੰਮੂ ਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਅਕਾਸ਼ ਮਹਿਰਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਅਤਿਵਾਦੀਆਂ ਨੂੰ ਉਨ੍ਹਾਂ ਦੇ ਮਨਸੂਬਿਆਂ ’ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ