ਮੁੱਖ ਅੰਸ਼
- ਜਹਾਜ਼ ਦੇ ਚਾਲਕ ਦਲ, ਇੰਜਨੀਅਰ ਅਤੇ ਰੱਖ-ਰਖਾਅ ਕੰਟਰੋਲ ਕੇਂਦਰ ਦੇ ਇੰਚਾਰਜ ਨੂੰ ਰੋਸਟਰ ਤੋਂ ਹਟਾਇਆ
- ਲੈਂਡਿੰਗ ਦੌਰਾਨ ਤੂਫਾਨ ’ਚ ਫਸਣ ਕਰਕੇ ਹਾਦਸਾਗ੍ਰਸਤ ਹੋਇਆ ਸੀ ਸਪਾਈਸਜੈੱਟ ਦਾ ਜਹਾਜ਼
ਨਵੀਂ ਦਿੱਲੀ, 2 ਮਈ
ਭਾਰਤ ਦੇ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਅੱਜ ਐਲਾਨ ਕੀਤਾ ਕਿ ਉਹ ਸਪਾਈਸਜੈੱਟ ਦੇ ਮੁੰਬਈ-ਦੁਰਗਾਪੁਰ ਵਿਚਾਲੇ ਉਡਾਣ ਭਰਨ ਵਾਲੇ ਜਹਾਜ਼ ਦੇ ਲੈਂਡਿੰਗ ਕਰਨ ਸਮੇਂ ਐਤਵਾਰ ਨੂੰ ਗੰਭੀਰ ਮੌਸਮੀ ਗੜਬੜੀ ਦੇ ਸੰਪਰਕ ’ਚ ਆਉਣ ਕਾਰਨ 17 ਯਾਤਰੀਆਂ ਦੇ ਜ਼ਖਮੀ ਹੋਣ ਦੀ ਘਟਨਾ ਤੋਂ ਬਾਅਦ ਕੰਪਨੀ ਨੇ ਪੂਰੇ ਬੇੜੇ ਦਾ ਨਿਰੀਖਣ ਸ਼ੁਰੂ ਕਰ ਦਿੱਤਾ ਹੈ। ਡੀਜੀਸੀਏ ਨੇ ਦੱਸਿਆ ਕਿ ਜਾਂਚ ਚੱਲਣ ਤੱਕ ਜਹਾਜ਼ ਦੇ ਚਾਲਕ ਦਲ, ਜਹਾਜ਼ ਦੇ ਰੱਖ-ਰਖਾਅ ਸਬੰਧੀ ਇੰਜਨੀਅਰ ਤੇ ਸਪਾਈਸਜੈੱਟ ਦੇ ਰੱਖ-ਰਖਾਅ ਕੰਟਰੋਲ ਕੇਂਦਰ ਦੇ ਇੰਚਾਰਜ ਨੂੰ ਰੋਸਟਰ ਤੋਂ ਹਟਾ ਲਿਆ ਗਿਆ ਹੈ। ਡੀਜੀਸੀਏ ਨੇ ਕਿਹਾ ਕਿ ਐਤਵਾਰ ਨੂੰ ਜਿਹੜੇ ਜਹਾਜ਼ ਨਾਲ ਇਹ ਘਟਨਾ ਵਾਪਰੀ ਸੀ, ਉਸ ਨੂੰ ਕੋਲਕਾਤਾ ਵਿੱਚ ਖੜ੍ਹਾ ਕੀਤਾ ਗਿਆ ਹੈ। ਸਪਾਈਸਜੈੱਟ ਦੇ ਬਾਕੀ ਜਹਾਜ਼ ਚੱਲ ਰਹੇ ਹਨ। ਸਪਾਈਸਜੈੱਟ ਦੀ ਵੈੱਬਸਾਈਟ ਮੁਤਾਬਕ ਇਸਦੇ ਫਲੀਟ ਵਿੱਚ 91 ਜਹਾਜ਼ ਹਨ। ਰੈਗੂਲੇਟਰ ਮੁਤਾਬਕ ਮੁੰਬਈ ਤੋਂ ਦੁਰਗਾਪੁਰ ਲਈ ਐਤਵਾਰ ਨੂੰ ਉਡਾਣ ਭਰਨ ਵਾਲਾ ਜਹਾਜ਼ ਲੈਂਡਿੰਗ ਕਰਦੇ ਸਮੇਂ ਮੌਸਮ ਸਬੰਧੀ ਗੜਬੜੀ ਦੇ ਸੰਪਰਕ ’ਚ ਆ ਗਿਆ ਸੀ ਜਿਸ ਕਾਰਨ 14 ਯਾਤਰੀ ਤੇ ਤਿੰਨ ਸਟਾਫ਼ ਮੈਂਬਰ ਜ਼ਖਮੀ ਹੋ ਗਏ ਸਨ। ਜਾਣਕਾਰੀ ਮੁਤਾਬਕ ਇਸ ਸਮੇਂ ਦੋ ਯਾਤਰੀ ਆਈਸੀਯੂ ਵਿੱਚ ਹਨ, ਜਿਨ੍ਹਾਂ ’ਚੋਂ ਇੱਕ ਦੇ ਸਿਰ ’ਚ ਸੱਟ ਲੱਗੀ ਹੈ ਜਦਕਿ ਦੂਜੇ ਦੀ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗੀ ਹੈ।
ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਕਿਹਾ,‘ਦੁਰਗਾਪੁਰ ’ਚ ਇੱਕ ਫਲਾਈਟ ਦੀ ਲੈਂਡਿੰਗ ਸਮੇਂ ਵਾਪਰੀ ਘਟਨਾ ਤੇ ਇਸ ਕਾਰਨ ਯਾਤਰੀਆਂ ਨੂੰ ਪੁੱਜਿਆ ਨੁਕਸਾਨ ਬੇਹੱਦ ਮੰਦਭਾਗਾ ਹੈ। ਡੀਜੀਸੀਏ ਨੇ ਇਸ ਘਟਨਾ ਦੀ ਜਾਂਚ ਲਈ ਇੱਕ ਟੀਮ ਬਣਾਈ ਹੈ। ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਮਗਰੋਂ ਘਟਨਾ ਦੇ ਕਾਰਨਾਂ ਬਾਰੇ ਖੁਲਾਸਾ ਕੀਤਾ ਜਾਵੇਗਾ। ਦੂਜੇ ਪਾਸੇ, ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਦੱਸਿਆ,‘ਅਸੀਂ ਇਸ ਘਟਨਾ ਦੀ ਜਾਂਚ ਲਈ ਇੱਕ ਟੀਮ ਬਣਾਈ ਹੈ। ਡੀਜੀਸੀਏ ਮੁਤਾਬਕ ਇਸ ਫਲਾਈਟ ਵਿੱਚ ਦੋ ਪਾਇਲਟਾਂ ਤੇ ਚਾਲਕ ਦਲ ਦੇ ਚਾਰ ਹੋਰ ਮੈਂਬਰਾਂ ਸਮੇਤ 195 ਵਿਅਕਤੀ ਸਵਾਰ ਸਨ। ਜਹਾਜ਼ ਨੇ ਐਤਵਾਰ ਸ਼ਾਮ ਨੂੰ 5.13 ਵਜੇ ਮੁੰਬਈ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਇਸ ਦੌਰਾਨ ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ ਕਿ 1 ਮਈ ਨੂੰ ਫਲਾਈਟ ’ਤੇ ਹੋਈ ਗੜਬੜੀ ਦੌਰਾਨ ਕੁਝ ਯਾਤਰੀ ਜ਼ਖ਼ਮੀ ਹੋਏ ਹਨ। ਹੁਣ ਤੱਕ ਅੱਠ ਜਣਿਆਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਜ਼ਖ਼ਮੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਜਾ ਯਤਨ ਕੀਤਾ ਜਾ ਰਿਹਾ ਹੈ। -ਪੀਟੀਆਈ