ਨਵੀਂ ਦਿੱਲੀ, 19 ਅਗਸਤ
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਇਕ ਉੱਨਤ ਤਕਨੀਕ ਵਿਕਸਤ ਕੀਤੀ ਹੈ ਜਿਸ ਦੀ ਵਰਤੋਂ ਦੁਸ਼ਮਣ ਦੀਆਂ ਰਾਡਾਰ ਨਿਰਦੇਸ਼ਤ ਮਿਜ਼ਾਈਲਾਂ ਦਾ ਧਿਆਨ ਭਟਕਾਉਣ ਲਈ ਕੀਤਾ ਜਾਵੇਗਾ ਤਾਂ ਕਿ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੂੰ ਦੁਸ਼ਮਣ ਸੈਨਾ ਦੀਆਂ ਮਿਜ਼ਾਈਲਾਂ ਤੋਂ ਬਚਾਇਆ ਜਾ ਸਕੇ। ਡੀਆਰਡੀਓ ਨੇ ਅੱਜ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਫਲ ਪ੍ਰੇਖਣ ਮਗਰੋਂ ਇਸ ਤਕਨੀਕ ਨੂੰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ਰੂ ਕਰ ਦਿੱਤੀ ਗਈ ਹੈ। ਡੀਆਰਡੀਓ ਦੀਆਂ ਦੋ ਪ੍ਰਯੋਗਸ਼ਾਲਾਵਾਂ ਵਿੱਚ ਉੱਨਤ ਚਾਫ ਸਮੱਗਰੀ ਤਿਆਰ ਕੀਤੀ ਗਈ ਹੈ ਜੋ ਕਿ ਵਿਰੋਧੀ ਦੇਸ਼ ਦੀਆਂ ਮਿਜ਼ਾਈਲਾਂ ਦਾ ਧਿਆਨ ਭਟਕਾਉਣ ਲਈ ਸਹਾਈ ਸਿੱਧ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਤਕਨੀਕ ਨੂੰ ਵਿਕਸਤ ਕਰਨ ਲਈ ਡੀਆਰਡੀਓ ਤੇ ਭਾਰਤੀ ਹਵਾਈ ਸੈਨਾ ਨੂੰ ਵਧਾਈ ਦਿੱਤੀ ਹੈ। -ਪੀਟੀਆਈ