ਬੰਗਲੂਰੂ, 22 ਅਗਸਤ
ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਨੇ ਹਾਲ ਹੀ ’ਚ ਮੁਕੰਮਲ ਹੋਏ ਮੌਨਸੂਨ ਇਜਲਾਸ ਦੌਰਾਨ ਰਾਜ ਸਭਾ ’ਚ ਹੰਗਾਮਾ ਹੋਣ ਅਤੇ ਆਮ ਆਦਮੀ ਨਾਲ ਸਬੰਧਤ ਮਸਲਿਆਂ ’ਤੇ ਚਰਚਾ ਨਾ ਹੋਣ ’ਤੇ ਦੁੱਖ ਜ਼ਾਹਿਰ ਕੀਤਾ ਅਤੇ ਕਿਹਾ ਕਿ ਸੰਸਦ ਮੈਂਬਰ ਵਜੋਂ ਆਪਣੇ 30 ਸਾਲ ਦੇ ਕਾਰਜਕਾਲ ’ਚ ਉਨ੍ਹਾਂ ਅਜਿਹਾ ਕਦੀ ਨਹੀਂ ਦੇਖਿਆ ਸੀ। ਉਨ੍ਹਾਂ ਕਿਹਾ ਕਿ 11 ਅਗਸਤ ਨੂੰ ਮੌਨਸੂਨ ਸੈਸ਼ਨ ਮੁੱਕਣ ਮਗਰੋਂ ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਕਿਹਾ ਸੀ ਕਿ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਮੁੱਦੇ ’ਤੇ ਚਰਚਾ ਨਹੀਂ ਹੋਈ। ਜਨਤਾ ਦਲ (ਐੱਸ) ਦੇ ਨੇਤਾ ਨੇ ਇੱਥੇ ਪਾਰਟੀ ਦਫ਼ਤਰ ’ਚ ਕਿਹਾ, ‘ਹਾਕਮ ਧਿਰ ਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਮੈਂ ਮੌਨਸੂਨ ਸੈਸ਼ਨ ’ਚ ਕੁਝ ਨਹੀਂ ਬੋਲ ਸਕਿਆ। ਕੋਈ ਕੰਮ ਨਹੀਂ ਹੋਇਆ ਅਤੇ ਸਾਰਾ ਸੈਸ਼ਨ ਬਰਬਾਦ ਹੋ ਗਿਆ।’ -ਪੀਟੀਆਈ